ਬਚਪਨ ਦੀਆਂ ਇਹ ਲੋਕ ਖੇਡਾਂ ਦੀ ਉਦੋਂ ਸਮਝ ਨਹੀਂ ਜਦੋਂ ਖੇਡ ਦੇ ਹੁੰਦੇ ਸੀ। ਉਦੋਂ ਤਾਂ ਬਸ ਟਾਈਮ ਪਾਸ ਹੁੰਦਾ ਸੀ। ਬਾਂਦਰ ਕੀਲਾ ਜਦ ਖੇਡਿਆ ਕਰਦੇ ਸੀ ਤਾਂ ਬਾਂਦਰ ਬਣ ਕੇ ਕੁੱਟ ਖਾਣ ਦਾ ਸੁਆਦ ਹੀ ਹੋਰ ਹੁੰਦਾ ਸੀ। ਜੁੱਤੀਆਂ ਦੀ ਵਰਖਾ ਅਖੀਰ ਤੱਕ ਹੁੰਦੀ ਸੀ। ਕੋਈ ਡਰ ਭੈਅ ਤੇ ਗੁੱਸਾ ਗਿਲਾ ਨਹੀਂ ਸੀ ਹੁੰਦਾ । ਅਕਸਰ ਮਾੜਾ ਸਾਥੀ ਵੱਧ ਕੁੱਟਿਆ ਜਾਂਦਾ ਸੀ। ਸਿਆਲ ਦੇ ਦਿਨੀ ਖੁੱਲ੍ਹੀ ਥਾਂ ਉਤੇ ਗੁੱਲੀ ਡੰਡਾ ਬਹੁਤ ਖੇਡ ਦੇ ਹੁੰਦੇ ਸੀ…ਵੱਡੇ ਛੋਟੇ ਸਭ ਰਲ ਕੇ.ਜੇ ਕਿਸੇ ਦੇ ਗੁੱਲੀ ਲੱਗਣੀ ਤਾਂ ਕਿਸੇ ਸੁਆਣੀ ਨੇ ਗਾਲਾਂ ਦੀ ਹਨੇਰੀ ਲਿਆ ਦੇਣੀ। ਸਭ ਦੇ ਦਾਦੇ ਨਾਨਕੇ ਪੁਣ ਦੇਣੇ। ਆ ਧੌਲ ਦਾਹੜੀਏ ਵੀ ਮੁੰਢੀਰ ਨਾਲ ਰਲੇ ਆ। ਵਿਹਲੜ ਨਾ ਹੋਣ…ਕੁੱਝ ਦੇਰ …ਇਹ ਗਾਲਾਂ ਸੁਣ ਕੇ ਸਭ ਨੇ ਇਕ ਦੂਏ ਵੱਲ ਦੇਖ ਹੱਸੀ ਜਾਣਾ। ਸੁਆਣੀ ਨੇ ਨਾਲੇ ਆਪਣਾ ਕੂੜੇ ਵਾਲਾ ਟੋਕਰਾ ਇਕ ਦੋ ਵਾਰ ਧਰਤੀ ਉਤੇ ਮਾਰਨਾ ਨਾਲੇ…ਗਰਮ ਸਲੋਕ ਬੋਲਣਾ…ਅਸੀਂ ਹੱਸੀ ਜਾਣਾ….ਬੇਬੇ ਨਰਾਤੀ ਨੇ ਕਹਿਣਾ…ਨੀ ਕੁੜੇ…ਬਹੂਏ…ਤੂੰ ਜਾ ਇਹ ਤਾਂ ਹੁਣ ਮੱਛਰੇ ਹੋਏ ਨੇ…! ਚਰਨ ਵੀਰ ਨੇ ਨਾਲੇ ਹੱਸੀ ਜਾਣਾ ਤੇ ਨਾਲ ਜੇਬ ਵਿੱਚੋਂ ਕੱਢ ਕੇ ਜਰਦਾ ਮਲੀ ਜਾਣਾ, ਭਾਗ ਚਾਚੇ ਨੇ ਬੀੜੀ ਲਾ ਲੈਣੀ, ਕਿਸੇ ਕਹਿਣਾ ਛੱਡੋ, ਯਾਰ ਬਾਂਟੇ ਖੇਡ ਦੇ, ਫਿਰ ਮੂੰਹ ਹਨੇਰੇ ਤੱਕ ਖੇਡੀ ਜਾਣਾ, ਕਈਆਂ ਨੇ ਕੋਲ ਹੀ ਬਹਿ ਬਾਰਾਂ ਢੀਕਰੀ ਖੇਲਣ ਲੱਗ ਜਾਣਾ, ਸਿਆਲ ਦੀ ਰੁੱਤ ਹੋਣੀ ਤਾਂ ਗੀਜੇ ਭੁੰਨੇ ਦਾਣਿਆਂ ਦੇ ਭਰ ਲੈਣੇ…ਜਾਂ ਫਿਰ ਮੂੰਗਫਲੀ ਖਾਣੀ। ਧਰਮਸ਼ਾਲਾ ਦੇ ਵਿੱਚ ਬੱਚਿਆਂ ਨੇ ਖੇਡੀ ਜਾਣਾ ਤੇ ਨਾਲੇ ਜੂਡੋਂ ਜੂਡੇ ਹੋਈ ਜਾਣਾ। ਕੁੱਝ ਦੇਰ ਫੇਰ ਖੇਡਣ ਲੱਗ ਜਾਣਾ। ਕਿਸੇ ਦਾ ਝੱਗਾ ਪਾਟ ਜਾਣਾ…ਜਾਂ ਘਰੂਟ ਵੱਜ ਜਾਣਾ…ਆਮ ਗੱਲ ਸੀ…। ਜੇ ਕੋਈ ਬਹੁਤਾ ਜ਼ਹਿਰੀ ਹੋਣਾ..ਉਹਨੂੰ ਕਿਸੇ ਵੱਡੇ ਨੇ ਘੂਰ ਕੇ ਹਟਾ ਦੇਣਾ। ਕੁੜੀਆਂ ਨੇ ਅੱਡੀ ਟੱਪਾ..ਰੋੜੇ ਖੇਡਣ ਲਾਗ ਜਾਣਾ, ਛੋਟੀਆਂ ਨੇ, ਘੇਰਾ ਬਣਾ ਕੇ, ਜਦ ਊਚੀ ਊਚੀ ਬੋਲਣਾ, ਬੋਲ ਮੇਰੀ ਮੱਛਲੀ/ ਹਰਾ ਸਮੁੰਦਰ ਗੋਪੀ ਚੰਦਰ, ਬੋਲ ਮੇਰੀ ਮੱਛਲੀ ਕਿੰਨਾ ਕਿੰਨਾ ਪਾਣੀ। ਗਿੱਟੇ ਗਿੱਟੇ ਪਾਣੀ, ਗੋਡੇ ਗੋਡੇ ਪਾਣੀ, ਲੱਕ ਲੱਕ ਪਾਣੀ, ਗਲ ਗਲ ਪਾਣੀ, ਸਿਰ ਸਿਰ ਪਾਣੀ,ਸਿਰ ਸਿਰ ਪਾਣੀ..!
ਹੁਣ ਪੰਜਾਬ ਦੇ ਹਾਲਾਤ ਇਹੋ ਜਿਹੇ ਬਣੇ ਹੋਏ ਹਨ। ਇਹ ਤਾਂ ਬੱਚਿਆਂ ਦੀਆਂ ਖੇਡਾਂ ਵਿਚੋਂ ਇੱਕ ਹੈ। ਬੱਚਿਆਂ ਨੇ ਮੱਛੀ ਬਣ ਨੇ ਡੁੱਬ ਜਾਣਾ ਤੇ ਮਰ ਜਾਣ ਦਾ ਡਰਾਮਾ ਕਰਨਾ। ਇਸ ਤਰ੍ਹਾਂ ਇਹ ਖੇਡਾਂ ਖੇਡ ਦੇ ਹੁੰਦੇ ਸੀ। ਹੁਣ ਜਦ ਇਹਨਾਂ ਖੇਡਾਂ ਦੇ ਅਰਥ ਸਮਝ ਆਉਣ ਲੱਗੇ ਤਾਂ ਹੈਰਾਨੀ ਹੁੰਦੀ ਹੈ ਕਿ ਵਡੇਰੇ ਕਿੰਨੇ ਸੂਝਵਾਨ ਸਨ।
ਹੁਣ ਭਾਰਤੀ ਲੋਕਾਂ ਦੀ ਹਾਲਤ ਉਸ ਮੱਛੀ ਵਰਗੀ ਹੈ, ਜਿਹੜੀ ਲੋਕਾਂ ਦੇ ਸਮੁੰਦਰ ਵਿੱਚ ਹੈ, ਪਰ ਪਾਣੀ ਨਹੀਂ ਪੀ ਸਕਦੇ। ਲੋਕ ਸਮੂਹ ਸਮੁੰਦਰ ਹੈ। ਸਮੁੰਦਰ ਦਾ ਸੁਭਾਅ ਜ਼ਿੰਦਗੀ ਦੇ ਨਾਲ ਬਹੁਤ ਮਿਲਦਾ ਹੈ। ਪਾਣੀ ਦਾ ਜੀਵਨ ਵਿੱਚ ਬੜਾ ਮਹੱਤਵ ਹੈ,ਪਾਣੀ ਕੁਦਰਤੀ ਨਿਆਮਤ ਹੈ ਪਰ ਹੁਣ ਪਾਣੀ ਸਾਡੇ ਜੀਵਨ ਦਾ ਜੰਜ਼ਾਲ ਬਣ ਗਿਆ ਹੈ ਜਾਂ ਬਣਾ ਲਿਆ ਹੈ। ਪਾਣੀ ਤੇ ਹਵਾ ਮੁਫਤ ਹੈ। ਇਨ੍ਹਾਂ ਦੋਹਾਂ ਦੀ ਹਾਲਤ ਹੱਡਾ ਰੋੜੀ ਵਿੱਚ ਘਿਰੇ ਬਾਹਰੀ ਕੁੱਤੇ ਵਰਗੀ ਬਣਗੀ। ਢਿੱਡ ਦੀ ਭੁੱਖ, ਹੱਡਾ ਰੋੜੀ ਦੇ ਪੱਕੇ ਕੁੱਤਿਆਂ ਦੇ ਨਾਲ ਜੰਗ, ਨਾਲੋਂ ਨਾਲ ਕਰਨੀ ਪੈਦੀ ਹੈ। ਹਾਲਤ ਪੰਜਾਬ ਦੀ ਹੱਡਾ ਰੋੜੀ ਵਰਗੀ ਹੈ। ਹੁਣ ਪਿੰਡ ਦੇ ਕੁੱਝ ਕੁੱਤੇ ਬਾਹਰਲੇ ਕੁੱਤਿਆਂ ਨੇ ਰਲ ਗਏ ਹਨ। ਹੁਣ ਹੱਡਾ ਰੋੜੀ ਉਤੇ ਕਾਬਜ਼ ਹੋਣ ਲਈ,ਲਛਮਣ ਰੇਖਾ ਵਾਹ ਦਿੱਤੀ ਹੈ। ਹੁਣ ਜਦ ਕਿਸੇ ਨੇ ਕਦੇ ਵੀ ਕੋਈ ਲਛਮਣ ਰੇਖਾ ਟੱਪੀ ਹੈ। ਉਸਦਾ ਹਸ਼ਰ ਜੋ ਸੀਤਾ ਹੋਇਆ ਸੀ ਹੁੰਦਾ । ਸੀਤਾ ਨੂੰ ਬਚਾ ਲਿਆ ਸੀ, ਸਾਰਿਆਂ ਨੇ ਰਲ ਕੇ ਪਰ ਹੁਣ ਡੁੱਬ ਰਹੀ ਮੱਛੀ ਨੂੰ ਕੌਣ ਬਚਾਊਗਾ ? ਕਿਸ ਨੂੰ ਯਾਦ ਹੈ ਕਿ ਮੱਛੀ ਬਚ ਜਾਵੇ । ਬਹੁਗਿਣਤੀ ਤਾਂ ਮੱਛੀਆਂ ਵਾਲਾ ਤਲਾਅ ਹੀ ਛੱਡਕੇ ਜਾ ਰਹੀਆਂ ਹਨ।
ਹੁਣ ਕੌਣ ਬਚਾਉਗਾ ਮੱਛੀ ਤੇ ਤਲਾਅ ਨੂੰ ?
ਬੁੱਧ ਸਿੰਘ ਨੀਲੋੰ