ਬਾਦਸ਼ਾਹ ਦਰਵੇਸ਼..

ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਜੀਵਨ ‘ਤੇ ਝਾਤ ਮਾਰੀਏ ਤਾਂ ਪਤਾ ਚਲਦਾ ਹੈ ਕਿ ਉਹਨਾਂ ਦੀ ਸ਼ਖ਼ਸੀਅਤ ਬਹੁਤ ਮਹਾਨ ਹੈ। ਸੋਚ ਏਨੀ ਕੁ ਅਗਾਂਹਵਧੂ ਹੈ ਕਿ ਆਮ ਵਿਅਕਤੀ ਦੀ ਸਮਝ ਤੋਂ ਬਾਹਰੀ ਹੈ। ਲੇਖਣੀ ਵਿੱਚ ਕਮਾਲ ਦਾ ਜਜ਼ਬਾ ਅਤੇ ਤਲਵਾਰ ਵਿੱਚ ਜੌਹਰ ਹੈ। ਅਕਾਲ ਪੁਰਖ ਦੀ ਉਸਤਤ ਬੇਮਿਸਾਲ ਹੈ। ਅਨੇਕਾਂ ਨਾਵਾਂ ਨਾਲ  ਪ੍ਰਭੂ ਪ੍ਰੇਮ ਦੀ ਉਸਤਤ ਕਰਨਾ ਆਮ ਵਿਅਕਤੀ ਦੇ ਵੱਸ ਵਿੱਚ ਨਹੀਂ ਹੈ। ਹਰ ਸ਼ਬਦ ਵੱਖਰੀ ਮਿਸਾਲ ਪੇਸ਼ ਕਰਦਾ ਹੈ। ਸੰਪੂਰਨ ਸ਼ਖਸੀਅਤ ਅਤੇ ਰੱਬ‌ ਨਾਲ ਇੱਕਮਿਕ, ਅਭੇਦ, ਬਿਲਕੁਲ ਇਕਸਾਰ। ਮਨ ਦੀ ਉੱਚੀ- ਸੁੱਚੀ ਅਵਸਥਾ ਵਿੱਚ ਵੀ ਹਲੀਮੀ ਅਤੇ ਨਿਮਰਤਾ ਦਾ ਅਥਾਹ ਸਮੁੰਦਰ ਭਰਿਆ ਪਿਆ ਹੈ।
ਉਹਨਾਂ ਨੇ ਜ਼ਿੰਦਗੀ ਵਿੱਚ ਜੋ ਵੀ ਕੀਤਾ, ਪੂਰੀ ਕਾਇਨਾਤ ਅਤੇ ਮਨੁੱਖਤਾ ਦੀ ਭਲਾਈ ਲਈ ਹੀ ਕੀਤਾ। ਸ਼ਬਦਾਂ ਦਾ ਕਮਾਲ ਏਨਾ ਲਾਜਵਾਬ ਕਿ ਜ਼ਫ਼ਰਨਾਮਾ ਪੜ੍ਹ ਕੇ ਔਰੰਗਜ਼ੇਬ ਵਿੱਚੋਂ ਜੀਣ ਦੀ ਹਿੰਮਤ ਖੁਸ ਗਈ। ਉਹ ਜੀਉਂਦੇ ਜੀਅ ਹੀ ਆਪਣੀ ਆਤਮਾ ਦੇ ਬੋਝ ਹੇਠਾਂ ਐਸਾ ਦੱਬਿਆ ਕਿ ਉੱਠ ਹੀ ਨਾ ਸਕਿਆ। ਉਸ ਦੀ ਤਲਵਾਰ, ਅਥਾਹ ਸ਼ਕਤੀ, ਅਤੇ ਹੈਂਕੜ ਗੁਰੂ ਜੀ ਦੇ ਸੱਚੇ-ਸੁੱਚੇ ਸ਼ਬਦਾਂ ਅੱਗੇ ਸਭ ਵਿਅਰਥ ਹੋ ਗਿਆ। ਆਪਣੇ ਕੀਤੇ ‘ਤੇ ਬਹੁਤ ਪਛੁਤਾਇਆ ਅਤੇ ਬੇਵੱਸ ਹੋ ਕੇ ਅੰਤ ਹੋਇਆ।
ਦੂਜੇ ਪਾਸੇ ਉਸ ਸਮੇਂ ਦੇ ਹਾਕਮ ਵਜ਼ੀਰ ਖ਼ਾਨ ਦੀ ਗੱਲ ਕਰੀਏ ਤਾਂ ਉਹ ਬੇਹੱਦ ਤਰਸ ਦਾ ਪਾਤਰ, ਮਾੜੀ ਸੋਚ ਅਤੇ ਘਟੀਆ ਸਮਝ ਦਾ ਮਾਲਕ ਹੋਵੇਗਾ। ਉਸ ਦੇ ਆਲੇ ਦੁਆਲੇ ਦੇ ਲੋਕ ਵੀ ਨਿਕੰਮੀ ਸੋਚ ਦੇ ਮਾਲਕ ਹੋਣਗੇ ਤਾਂ ਹੀ ਉਹਨਾਂ ਨੇ ਮਾਸੂਮ ਸਾਹਿਬਜ਼ਾਦਿਆਂ ਨੂੰ ਬਹੁਤ ਹੀ ਤਸੀਹੇ ਦਿੱਤੇ। ਨਿੱਕੀਆਂ ਜਿੰਦਾਂ, ਵੱਡੇ ਵੱਡੇ ਕਸ਼ਟ ਸਹਿ ਗਈਆ ਪਰ ਆਪਣੇ ਧਰਮ, ਇਨਸਾਨੀਅਤ ਅਤੇ ਕੌਮ ਦੀ ਖ਼ਾਤਰ ਸਭ ਕੁਝ ਸਹਿਣ ਕਰਕੇ ਈਨ ਨਹੀਂ ਮੰਨੀ ਸਗੋਂ ਸ਼ਹੀਦੀ ਪ੍ਰਾਪਤ ਕਰ ਲਈ।
ਆਪਣੇ ਆਪ ਨੂੰ ਧਾਰਮਿਕ ਅਤੇ ਪੱਕੇ ਧਰਮ-ਕਰਮ ਵਾਲੇ ਸਮਝਣ ਵਾਲਿਆਂ ਨੇ ਵੀ ਪੈਸੇ ਦੇ ਲਾਲਚ ਵਿੱਚ ਆ ਕੇ ਸਭ ਨਜ਼ਾਇਜ਼ ਫ਼ਤਵੇ ਪੜ੍ਹ ਕੇ ਮਾਸੂਮ ਜਿੰਦਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਝੂਠੀਆਂ ਕਸਮਾਂ ਖਾ ਕੇ ਹਰ ਵਾਰ ਬੇਈਮਾਨੀ ਕੀਤੀ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਵਿਅਕਤੀ   ਜਦੋਂ ਲਾਲਚੀ ਅਤੇ ਭੁੱਖਾ ਹੋ ਜਾਵੇ ਤਾਂ ਜਾਇਜ਼- ਨਜਾਇਜ਼ ਕੁਝ ਨਹੀਂ ਦੇਖਦਾ, ਸਿਰਫ਼ ਆਪਣੀ ਕੁਰਸੀ ਅਤੇ ਦੌਲਤ ਦੀ ਚਮਕ ਦੇਖਦਾ ਹੈ। ਆਪਣੀ ਵਿਰੋਧਤਾ ਤੋਂ ਡਰਦਾ ਗ਼ਲਤ ਕੰਮ ਕਰੀ ਜਾਂਦਾ ਹੈ।
ਹਾਕਮ ਸ਼ਾਇਦ ਇਹ ਨਹੀਂ ਸੀ ਜਾਣਦਾ ਕਿ ਮੈਂ ਜਿੰਨਾ ਨੂੰ ਜਿਸਮਾਨੀ ਤੌਰ ‘ਤੇ ਖ਼ਤਮ ਕਰਨ ਦੀ ਠਾਣੀ ਹੈ ਉਹ ਰੂਹਾਨੀ ਤੌਰ ‘ਤੇ ਬਹੁਤ ਉੱਚੇ ਅਤੇ ਸੁੱਚੇ  ਹਨ। ਰਹਿੰਦੀ ਦੁਨੀਆਂ ਤੱਕ ਇਹਨਾਂ ਦਾ ਨਾਮ‌ ਰਹਿਣਾ ਹੈ। ਅਜਿਹੇ ਜ਼ਾਲਮ ਹਾਕਮਾਂ ਨੂੰ ਹਰ ਪਲ਼ ਲਾਹਨਤਾਂ ਪਾਈਆਂ ਜਾਂਦੀਆਂ ਰਹਿਣਗੀਆਂ। ਸੱਤਾ ਅਤੇ ਤਾਕਤ ਦੇ ਲਾਲਚ ਵਿੱਚ ਆ ਕੇ ਇਨਸਾਨ ਜਦੋਂ ਆਪਣੇ ਕਰਮਾਂ ਤੋਂ ਡਿੱਗਦਾ ਹੈ ਤਾਂ ਫਿਰ ਘਿਨਾਉਣੇ ਅਪਰਾਧ ਕਰਨ ਤੋਂ ਵੀ ਬਾਜ਼ ਨਹੀਂ ਆਉਂਦਾ। ਉਹ ਅਜਿਹੇ ਗੁਨਾਹ ਕਰ ਦਿੰਦਾ ਹੈ ਕਿ ਜੋ ਬਖਸ਼ਣ ਦੇ ਯੋਗ ਹੀ ਨਾ ਹੋਣ।
ਗੁਰੂ ਜੀ ਵੱਲੋਂ ਦਿੱਤੀਆਂ ਸ਼ਹਾਦਤਾਂ ਦੀ ਮਿਸਾਲ ਪੈਂਦਾ ਕਰ ਕੇ ਉਹ ਬਾਦਸ਼ਾਹ ਦਰਵੇਸ਼ ਬਣ ਗਏ। ਅੱਜ ਹਰ ਕਿਣਕੇ-ਕਿਣਕੇ ਵਿੱਚ ਉਹਨਾਂ ਦੀ ਯਾਦ ਹੈ। ਹਰ ਮਨ ਵਿੱਚ ਅਥਾਹ ਪਿਆਰ ਅਤੇ ਸਤਿਕਾਰ ਭਰਿਆ ਪਿਆ ਹੈ। ਉਹਨਾਂ ਦੀ ਕੀਤੀ ਕਮਾਈ ਅੱਗੇ ਹਰ ਇੱਕ ਦਾ ਸਿਰ ਝੁੱਕਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਉਹਨਾਂ ਨੇ ਅਤੇ ਮਾਤਾ ਗੁਜ਼ਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਕਿੰਨੇ ਵਧੀਆ ਸੰਸਕਾਰ ਦਿੱਤੇ ਸਨ, ਜੋ ਕਿ ਇੱਕ ਪਲ਼ ਲਈ ਵੀ ਨਾ ਖੌਫ਼ ਵਿਚ ਆਏ ਅਤੇ ਨਾ ਹੀ ਕਿਸੇ ਲਾਲਸਾ ਵਿੱਚ ਆਏ। ਅਜਿਹੀ ਸਿੱਖਿਆ ਦੀ ਲੋੜ ਸਾਨੂੰ ਸਭ ਨੂੰ ਵੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਰਸਾਂ ਨੂੰ ਵੀ ਸਿੱਖਿਆ ਦੇਣ ਦੀ ਜ਼ਰੂਰਤ ਹੈ।
ਉਹਨਾਂ ਨੇ‌ ਮਨੁੱਖਤਾ ਨੂੰ ਏਕਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਭ ਧਰਮਾਂ ਦੇ ਲੋਕਾਂ ਨੂੰ ਇੱਕ ਹੋਣ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ ਹੈ। ਪਰ ਅਸੀਂ ਇਹਨਾਂ ਗੱਲਾਂ ਦੀ ਬਰੀਕੀ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਹੈ। ਬਸ ਕੁਝ ਪਲਾਂ ਲਈ ਅਸਰ ਹੁੰਦਾ ਹੈ, ਫਿਰ ਸਾਡੀ ਮਾਨਸਿਕ ਅਵਸਥਾ ਪਹਿਲਾਂ ਵਾਲੀ ਹੀ ਰਹਿ ਜਾਂਦੀ ਹੈ।
ਅੱਜ ਸਾਨੂੰ ਉਹਨਾਂ ਵੱਲੋਂ ਦੱਸੀਆਂ ਸਿੱਖਿਆਵਾਂ ਅਤੇ ਦਿੱਤੇ ਬਾਣੀ ਰੂਪੀ ਅਥਾਹ ਗਿਆਨ ਦੇ ਸਮੁੰਦਰ ਨੂੰ ਪੜ੍ਹਨ ਦੇ ਨਾਲ਼-ਨਾਲ਼ ਹਕੀਕਤ ਵਿੱਚ ਸਮਝ ਕੇ ਲਿਆਉਣ ਦੀ ਵੀ ਜ਼ਰੂਰਤ ਹੈ। ਸਾਨੂੰ ਆਪਣੇ- ਆਪਣੇ ਘਰ ਪਰਤੀ ਆਪਣੇ ਬੱਚਿਆਂ ਵਿੱਚ ਕੁਝ ਕੁ ਤਾਂ ਸਿੱਖਿਆਵਾਂ ਦੇਣ ਦੀ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ। ਦੁਨੀਆਂ ਉੱਤੇ ਵੱਧ ਰਹੇ ਜ਼ੁਲਮ ਅਤੇ ਘਟੀਆ ਮਾਨਸਿਕਤਾ ਨੂੰ ਠੱਲ੍ਹ ਪਾਉਣ ਲਈ ਹਰ ਵਿਅਕਤੀ ਨੂੰ ਕੋਸ਼ਸ਼ ਕਰਨੀ ਪਵੇਗੀ ਤਾਂ ਹੀ ਅਸੀਂ ਸਹੀ ਅਰਥਾਂ ਵਿੱਚ ਆਪਣੇ ਗੁਰੂ ਸਾਹਿਬਾਨਾਂ ਨੂੰ ਸੱਚਾ ਪਿਆਰ ਅਤੇ ਸਤਿਕਾਰ ਦੇ ਸਕਣ ਦੇ ਯੋਗ ਹੋ ਸਕਾਗੇ।

Share: