ਪੁਰਖੀ ਆਦਤਾਂ

ਜ਼ਿੰਦਗੀ ’ਚ ਪਹਿਲੀ ਵਾਰ ਬਾਪੂ ਸ਼ਹਿਰ ਮੇਲੇ ’ਤੇ ਲੈ ਕੇ ਗਿਆ ਤੇ ਉਹ ਵੀ ਮੁਕਤਸਰ ਮਾਘੀ ਦੇ। ਇਹ ਮੇਲਾ ਕਈ ਦਿਨ ਚੱਲਦਾ ਰਹਿੰਦਾ ਤਾਂ ਸਾਡਾ ਜਵਾਕਾਂ ਦਾ ਤਾਂ ਮਹੀਨਾ ਹੀ ਹੈ। ਸਾਰੇ ਪਿੰਡ ਵਾਲੇ ਟਰਾਲੀ ’ਤੇ ਗਏ ਸਨ। ਕੁੱਝ ਦਿਨ ਪਹਿਲਾਂ ਮੇਲੇ ’ਤੇ ਕਿੰਨੀਆਂ ਗੱਲਾਂ ਕਰਦੇ। ਖ਼ਾਸ ਕਰਕੇ ਸਰਕਸ ਦੀਆਂ। ਮੇਰਾ ਤੇ ਵੀਰੇ ਦਾ ਉਸ ਦਿਨ ਪੇਪਰ ਸੀ। ਅਸੀਂ ਬੜਾ ਰੋਏ।
ਬਾਪੂ ਨੇ ਕਿਹਾ ਕਿ ਉਹ ਦੋ ਦਿਨ ਬਾਅਦ ਉਹ ਸਾਨੂੰ ਮੇਲੇ ਲੈ ਜਾਵੇਗਾ। ਬਾਪੂ ਅੱਜ ਲੈ ਕੇ ਆਇਆ ਤਾਂ ਅਸੀਂ ਸਰਕਸ ਵੇਖੀ, ਗੁਰਦੁਆਰੇ ਸਾਹਿਬ ਮੱਥਾ ਵੀ ਟੇਕਿਆ। ਬਾਪੂ ਨੇ ਸਾਰੇ ਮੇਲੇ ’ਚੋਂ ਕੁੱਝ ਵੀ ਖਾਣ ਨੂੰ ਨਾ ਲੈ ਕੇ ਦਿੱਤਾ ਤੇ ਲੰਗਰ ਖਵਾਇਆ। ਲੰਗਰ ਸੋਹਣਾ ਸੀ। ਕਈ ਤਰ੍ਹਾਂ ਦੇ ਪਕਵਾਨ ਸਨ। ਸਾਰਾ ਕੁੱਝ ਖਾ ਕੇ ਵਧੀਆ ਲੱਗਾ ਪਰ ਬਾਪੂ ਨੇ ਰੇਹੜੀਆਂ ਤੋਂ ਕੁੱਝ ਨਹੀਂ ਲੈ ਕੇ ਦਿੱਤਾ, ਇਹ ਚੰਗਾ ਨਹੀਂ ਲੱਗਾ। ਕੇਲੇ ਜ਼ਰੂਰ ਲੈ ਲਏ।
ਬਾਪੂ ਕੋਲ ਪੈਸੇ ਨਾ ਹੋਣ ਤਾਂ ਵੀ ਠੀਕ ਹੈ ਪਰ ਬਾਪੂ ਤਾਂ ਬਹੁਤ ਪੈਸੇ ਹੁੰਦਿਆਂ ਵੀ ਕੰਜੂਸ ਸੀ। ਵੀਰੇ ਨੇ ਆਉਣ ਲੱਗੇ ਨੇ ਇਕ ਖਿਡੌਣਾ ਟਰੈਕਟਰ ਮੰਗ ਲਿਆ। ਬਾਪੂ ਨੇ ਦੁਕਾਨਦਾਰ ਨੂੰ ਪੁੱਛਿਆ ਤਾਂ ਉਸਨੇ 500 ਰੁਪਏ ਮੰਗ ਲਏ। ਬਾਪੂ ਨੇ ਨਹੀਂ ਲਿਆ। ਮਹਿੰਗਾ ਤਾਂ ਸੱਚੀਂ ਬਹੁਤ ਲੱੱਗਾ ਪਰ ਵੀਰਾ ਰੋਂਦਾ ਰਿਹਾ। ਬਸ ਬੈਠ ਅਸੀਂ ਘਰ ਆ ਗਏ ਪਰ ਵੀਰਾ ਰੋਂਦਾ ਰਿਹਾ। ਉਸ ਦਿਨ ਤੋਂ ਬਾਅਦ ਵੀਰੇ ਨੇ ਕਦੇ ਖਿਡੌਣਾ ਨਹੀਂ ਮੰਗਿਆ।
ਬਾਪੂ ਨੇ ਆ ਕੇ ਸਾਨੂੰ ਕਾਫ਼ੀ ਕਿਤਾਬਾਂ ਦਿੱਤੀਆਂ। ਇਹਨਾਂ ਦੇ ਰੇਟ ਦਾ ਜੋੜ ਲਾਇਆ ਤਾਂ 740 ਰੁਪਏ ਬਣਦਾ ਸੀ। ਬੜੇ ਹੈਰਾਨ ਹੋਏ। ਦਾਦੀ ਨੇ ਵੀ ਕਿਹਾ ਕਿ ਜਵਾਕ ਰੋਂਦਾ ਘਰ ਆਇਆ, ਜੇ ਲੈ ਦਿੰਦਾ ਖਿਡੌਣਾ ਤਾਂ ਕਿਹੜੀ ਗੱਲ ਸੀ।
ਬਾਪੂ ਨੇ ਕਿਹਾ, “ਤਿੰਨਾਂ ਜਵਾਕਾਂ ਨੂੰ ਲਿਆ ਕੇ ਦਿੰਦਾ। ਫਿਰ  ਉਸਦੀ ਕੀਮਤ ਸਹੀ ਹੁੰਦੀ ਤਾਂ ਵੀ ਲੈ ਦਿੰਦਾ ਪਰ ਜਵਾਕ ਦੀ ਜ਼ਿੱਦ ਵੇਖ ਕੇ ਉਸਨੇ 4 ਗੁਣਾ ਵੱਧ ਪੈਸੇ ਮੰਗ ਲਏ। ਇਸਨੂੰ ਟਾਇਮ ਨਾਲ ਸਮਝ ਆ ਜਾਊ ਕਿ ਹਰ ਜ਼ਿੱਦ ਜਾਇਜ਼ ਨਹੀਂ ਹੁੰਦੀ ਤੇ ਮਾਂ ਪਿਉ ਨੂੰ ਗ਼ਲ਼ਤ ਜ਼ਿੱਦ ਪੂਰੀ ਵੀ ਨਹੀਂ ਕਰਨੀ ਚਾਹੀਦੀ।
ਕਿਤਾਬਾਂ ਪੜ੍ਹਦੇ ਸਾਨੂੰ ਕਈ ਦਿਨ ਲੰਘ ਗਏ ਸਨ। ਅਸੀਂ ਸਾਰਾ ਕੁੱਝ ਭੁੱਲ ਗਏ। ਜਦੋਂ ਦੀਵਾਲੀ ਆਈ, ਬਾਪੂ ਦੀ ਫਿਰ ਉਹੀ ਗੱਲ, ਨਿੱਕੇ-ਨਿੱਕੇ ਪਟਾਕੇ ਸਾਨੂੰ ਦਾਦੀ ਨੇ ਲਿਆ ਕੇ ਦਿੱਤੇ ਤੇ ਬਾਪੂ ਨੇ ਮਿਠਾਈ ਵੀ ਸਿਰਫ਼ 3 ਤਰ੍ਹਾਂ ਦੀ ਹੀ ਲਿਆਂਦੀ। ਪਕੌੜੇ ਵੀ ਘਰ ਬਣਾਉਣ ਲਈ ਹੀ ਹੁਕਮ ਦੇ ਦਿੱਤਾ। ਮਠਿਆਈ ਆਈ ਤੇ ਉਹ ਵੀ ਪਹਿਲਾਂ ਗੁਰੂ ਘਰ ਲਈ ਹੀ ਕੱਢਣੀ। ਫਿਰ ਤਾਏ ਤੇ ਚਾਚੇ ਦੇ ਘਰ ਲਈ। ਸਾਨੂੰ ਚਾਅ ਹੁੰਦਾ ਕਿ ਚਾਚੇ ਘਰ ਜਦ ਮਠਿਆਈ ਦੇਣ ਜਾਵਾਂਗੇ ਤਾਂ ਉਹ ਅੱਗੋਂ ਤੌਸ਼ਾ ਦੇਣਗੇ ਤੇ ਤਾਈ ਪੇਠੇ ਦੀ ਮਠਿਆਈ ਦੇਵੇਗੀ। ਬਾਪੂ ਹੀ ਸਾਨੂੰ ਇਹ ਮਠਿਆਈ ਨਹੀਂ ਸੀ ਲਿਆ ਕੇ ਦਿੰਦਾ। ਇਹ ਹਰ ਸਾਲ ਚੱਲਦਾ। ਮਠਿਆਈ ਦਾ ਆਦਾਨ-ਪ੍ਰਦਾਨ ਹੁੰਦਾ। ਸਾਨੂੰ ਸਾਡੀ ਪਸੰਦ ਦੀ ਸਾਰੀ ਮਠਿਆਈ ਪੂਰੀ ਹੋ ਜਾਂਦੀ। ਬੇਸ਼ੱਕ ਤਿੰਨਾਂ ਘਰਾਂ ਦੀ ਮਿਲਾ ਕੇ ਹੀ ਹੁੰਦੀ।
ਅਸੀਂ ਸੋਚਦੇ ਰਹਿੰਦੇ ਕਿ ਸਾਡਾ ਬਾਪੂ ਜ਼ਿਆਦਾ ਹੀ ਕੰਜੂਸ ਹੈ ਤੇ ਸਖ਼ਤ ਵੀ। ਇਵੇਂ ਹੀ ਟਾਇਮ ਲੰਘਦਾ ਰਿਹਾ। ਬਾਪੂ ਨੇ ਸਾਡੀ ਪੜ੍ਹਾਈ ਤੇ ਵਿਆਹਾਂ ’ਤੇ ਕੋਈ ਕੰਜੂਸੀ ਨਾ ਕੀਤੀ। ਸਾਨੂੰ ਲੱਗਦਾ ਕਿ ਬਾਪੂ ਬਦਲ ਗਿਆ ਪਰ ਇਹ ਬਹੁਤ ਦੇਰ ਬਾਅਦ ਸਮਝ ਆਈ ਕਿ ਬਾਪੂ ਬਹੁਤ ਸਮਝਦਾਰੀ ਵਰਤਦਾ ਰਿਹਾ। ਸਾਨੂੰ ਹੀ ਲੇਟ ਸਮਝ ਆਇਆ।
ਜਦੋਂ ਹੁਣ ਆਪਣੇ ਬੱਚੇ ਨੂੰ ਬਾਹਰ ਦਾ ਖਾਣ ਤੋਂ ਰੋਕਦੇ ਹਾਂ ਕਿ ਇਸ ਨਾਲ ਸਿਹਤ ਖ਼ਰਾਬ ਹੋ ਜਾਊ, ਮਹਿੰਗੇ ਖਿਡੌਣੇ ਦੀ ਜਗ੍ਹਾ ਬੱਚਿਆਂ ਨੂੰ ਜ਼ਰੂਰੀ ਚੀਜ਼ਾਂ ਲੈਣ ਦੀ ਸਲਾਹ ਦਿੰਦੇ ਹਾਂ। ਬੱਚਿਆਂ ਨੂੰ ਦੱਸਦੇ ਹਾਂ ਕਿ ਪਟਾਕੇ ਪ੍ਰਦੂਸ਼ਣ ਕਰਦੇ ਹਨ, ਹਵਾ ਖ਼ਰਾਬ ਹੁੰਦੀ ਹੈ, ਜਿਸ ਤੋਂ ਅਸੀਂ ਸਾਹ ਲੈਣਾ।
ਚਾਚਾ ਜੀ ਤੇ ਤਾਇਆ ਜੀ ਦੀਵਾਲੀ ’ਤੇ ਉਹੀ ਮਠਿਆਈ ਲਿਆਉਂਦੇ, ਜੋ ਸਾਨੂੰ ਪਸੰਦ ਹੁੰਦੀ ਤੇ ਬਾਪੂ ਉਹ, ਜੋ ਉਨ੍ਹਾਂ ਦੇ ਬੱਚਿਆਂ ਨੂੰ ਪਸੰਦ ਹੁੰਦੀ। ਇਸ ਤਰ੍ਹਾਂ ਦਿਲਾਂ ਨੂੰ ਮੋਹ ਦੀ ਮਜ਼ਬੂਤ ਡੋਰ ਨਾਲ ਬੰਨ੍ਹਿਆ।
ਮੇਰਾ ਬੱਚਾ ਵੀ ਕਹਿੰਦਾ, “ਮੰਮੀ ਤੁਸੀਂ ਕੁੱਝ ਨਹੀਂ ਲੈ ਕੇ ਦੇਣਾ ਹੁੰਦਾ, ਪਾਪਾ ਹੀ ਸ਼ੌਂਕ ਪੂਰੇ ਕਰਦੇ ਹਨ।”
ਭਰਾ ਦੇ ਬੱਚੇ ਵੀ ਕਹਿੰਦੇ ਹਨ, “ਪਾਪਾ ਕਿਤਾਬਾਂ ਤੇ ਪੜ੍ਹਾਈ ’ਤੇ ਖ਼ਰਚਾ ਕਰ ਲੈਂਦੇ ਪਰ ਬਾਹਰ ਦਾ ਖਾਣ ਤੋਂ ਰੋਕਦੇ ਹਨ, ਖੁੱਲ੍ਹਾ ਖ਼ਰਚਾ ਨਹੀਂ ਕਰਨ ਦਿੰਦੇ।”
ਅਸੀਂ ਹੱਸਦੇ ਹਾਂ ਕਿ ਸਾਡਾ ਬਾਪੂ ਵੀ ਸਕੂਲ ਨੂੰ ਪੈਸੇ ਦੇ ਦਿੰਦਾ ਸੀ। ਜੇ ਕੋਈ ਜ਼ਰੂਰਤ ਹੁੰਦੀ ਤਾਂ ਜਮਾਤ ਦੀਆਂ ਕਿਤਾਬਾਂ ਵੀ ਲੈ ਕੇ ਦਿੰਦਾ ਤੇ ਸਕੂਲ ਦੀ ਲਾਇਬ੍ਰੇਰੀ ਲਈ ਵੀ। ਪਿੰਡ ਦੇ ਕਿਸੇ ਵੀ ਬਿਮਾਰ ਵਿਅਕਤੀ ਲਈ ਉਸ ਕੋਲ ਟਾਇਮ ਵੀ ਹੁੰਦਾ ਤੇ ਪੈਸਾ ਵੀ। ਪਰ ਸਾਡੇ ਸ਼ੌਂਕ ਘੱਟ ਹੀ ਪੂਰੇ ਕਰਦਾ ਸੀ।
ਘਰ ਆਏ ਪ੍ਰਾਹੁਣੇ ਕੋਲ ਬੈਠਣਾ ਵੀ ਪੈਂਦਾ ਸੀ ਬੇਸ਼ੱਕ ਕੱਲ੍ਹ ਨੂੰ ਪੇਪਰ ਹੀ ਹੁੰਦਾ। ਕਹਿ ਦੇਣਾ ਕਿ ਜੋ ਘਰ ਆਇਆ ਰਿਸ਼ਤੇਦਾਰ ਹੈ, ਉਹ ਵਿਹਲਾ  ਨਹੀਂ, ਆਪਣਾ ਟਾਇਮ ਕੱਢ ਕੇ ਆਇਆ, ਉਸਨੂੰ ਟਾਇਮ ਦਿਓ। ਹੁਣ ਉਹੀ ਆਦਤਾਂ ਸਾਡੇ ’ਚ ਹਨ।
ਜਵਾਕ ਆਖਦੇ ਨੇ, “ਤੁਹਾਡਾ ਬਾਪੂ ਕੱਬੇ ਸੁਭਾਅ ਦਾ ਸੀ। ਅਸੀਂ ਆਖਦੇ ਨਹੀਂ ਹਾਂ ਪਰ ਬਣਿਆ ਜ਼ਰੂਰ ਰਿਹਾ।
ਅਸੀਂ ਵੀ ਹੁਣ ਬਾਪੂ ਵਰਗੇ ਹੀ ਬਣਨਾ ਚਾਹੁੰਦੇ ਹਾਂ ਕੁੱਝ ਸਖ਼ਤ ਜਿਹੇ ਸੁਭਾਅ ਦੇ। ਬੱਚਿਆਂ ਨੂੰ ਸਹੀ ਗ਼ਲ਼ਤ ਸਮਝਾ ਸਕੀਏ। ਪਰ ਅਸੀਂ ਹੈਰਾਨ ਹੁੰਦੇ ਹਾਂ ਕਿ ਇਹ ਪਰਵਰਿਸ਼ ਦਾ ਨਤੀਜਾ ਜਾਂ ਪਿਤਾ ਪੁਰਖੀ ਆਦਤਾਂ ਹਨ।
 ਦਿਲਪ੍ਰੀਤ ਕੌਰ ਗੁਰੀ
Share: