ਕਹਿੰਦੇ ਨੇ ਸੋਚ ਦੇ ਘੋੜੇ ਨੂੰ ਕਾਬੂ ਰੱਖਣਾ ਚਾਹੀਦਾ ਹੈ, ਜਦੋਂ ਇਹ ਬੇ ਲਗਾਮ ਹੋ ਜਾਂਦੇ ਹਨ ਤਾਂ ਇਨਸਾਨ ਕਈ ਹੋਰ ਦੁੱਖਾਂ ਵਿੱਚ ਪੈ ਜਾਂਦਾ ਹੈ।ਡੀਪ੍ਰੈਸ਼ਨ ਦੀ ਬਿਮਾਰੀ ਵੀ ਜਿਆਦਾ ਸੋਚਣ ਦਾ ਦੂਜਾ ਨਾਮ ਹੈ/ ਨਤੀਜਾ ਹੈl ਅਸੀਂ ਆਪਣੀਆਂ ਸਰਕਾਰਾਂ, ਇਤਿਹਾਸਕਾਰ ਤੇ ਸਾਡੇ ਰਾਹ ਦਸੇਰਿਆਂ ਦੀਆਂ ਗੱਲਾਂ ਸੁਣਦੇ ਰਹਿੰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਤੇ ਅਮਲ ਵੀ ਕਰਦੇ ਰਹੀਏl ਪਰ ਕਈ ਕਈ ਗੱਲਾਂ ਵਿੱਚ ਅਸੀਂ ਦੁਵਿਧਾ ਵਿੱਚ ਪੈ ਜਾਂਦੇ ਹਾਂ, ਸ਼ਸ਼ੋਪੰਜ ਵਿੱਚ ਪੈ ਜਾਂਦੇ ਹਾਂl ਇਹ ਸੋਚ ਸੋਚ ਕੇ ਹਾਰ ਜਾਂਦੇ ਹਾਂ ਕਿ ਕੀ ਗਲਤ ਹੈ ਕੀ ਠੀਕ ਹੈ l ਬਹੁਤ ਚਿਰ ਪਹਿਲਾਂ ਸਾਡੇ ਡਾਕਟਰਾਂ ਨੇ ਤੇ ਹੋਰ ਸਾਰੇ ਲੋਕਾਂ ਨੇ ਸਾਨੂੰ ਅਗਵਾਈ ਲੀਹਾਂ ਦਿਤੀਆਂ ਕਿ ਘਿਓ ਸਾਨੂੰ ਨਹੀਂ ਖਾਣਾ ਚਾਹੀਦਾ l ਇਸ ਦੀ ਜਗ੍ਹਾ ਰੀਫਾਇੰਡ ਤੇਲ ਚੰਗਾ ਹੁੰਦਾ ਹੈ, ਇਹ ਇਸਤੇਮਾਲ ਕਰਨਾ ਚਾਹੀਦਾl ਲੋਕਾਂ ਨੇ ਕਈ ਦਹਾਕੇ ਇਸ ਦਾ ਇਸਤੇਮਾਲ ਕੀਤਾl ਜਦੋਂ ਇਸ ਦੀ ਸਿਫਾਰਿਸ਼ ਕੀਤੀ ਗਈ ਸੀ ਮੈਂ ਤਾਂ ਉਸ ਵੇਲੇ ਹੀ ਮਹਿਸੂਸ ਕਰਦਾ ਸੀ ਕਿ ਇਸ ਵਿੱਚ ਥੰਦਿਆਈ ਬਿਲਕੁਲ ਹੈ ਹੀ ਨਹੀਂ,ਇਹ ਕੀ ਕੰਮ ਕਰੇਗਾ…. ਉਹ ਹੀ ਗੱਲ ਹੋਈ ਤੇ ਡਾਕਟਰਾਂ ਨੇ ਸਾਨੂੰ ਕਹਿ ਦਿੱਤਾ ਕੇ ਰੀਫਾਇਡ ਸਾਡੀ ਸਿਹਤ ਵਾਸਤੇ ਠੀਕ ਨਹੀਂ ਹੈ। ਇਸ ਦਾ ਇਸਤੇਮਾਲ ਨਾ ਕਰੋl ਸਾਰੇ ਹੀ ਹੈਰਾਨੀ ਵਿੱਚ ਪੈ ਗਏ ਕਿ ਕਿਹੜੀ ਚੀਜ਼ ਮੰਨੀਏ ਕਿਹੜੀ ਨਾ ਮੰਨੀਏl ਕਈ ਸਾਲ ਤੋਂ ਸਾਡੇ ਦੇਸ਼ ਵਿੱਚ ਪਾਣੀ ਦੇ ਗੰਧਲਾ ਹੋਣ ਦੀ ਚਿੰਤਾ ਦਰਸਾਈ ਜਾ ਰਹੀ ਹੈ lਪਾਣੀ ਪੀਣ ਵਾਸਤੇ ਖਤਰਨਾਕ ਸਾਬਤ ਹੋ ਰਿਹਾ ਹੈ। ਇਸ ਵਾਸਤੇ ਆਰ ਓ ਦੀ ਲੋੜ ਪੈ ਗਈ lਘਰ ਘਰ ਆਰ ਓ ਆ ਗਏ…..ਫਿਰ ਤਾਂ ਇਹ ਫੈਸ਼ਨ ਹੀ ਬਣ ਗਿਆ ਸੀ l ਇਸ ਨੂੰ ਖਰੀਦਣ ਤੋਂ ਰਹਿ ਗਏ ਸਾਡੇ ਵਰਗੇ ਆਲਸ ਅਤੇ ਪੈਸੇ ਪੱਖੋਂ ਜਿਹੜੇ ਠੀਕ ਠੀਕ ਸਨ lਪਰ ਹੁਣ ਨਵੀਂ ਖੋਜ ਇਹ ਆਈ ਹੈ ਆਰ ਓ ਦਾ ਪਾਣੀ ਮਾੜਾ ਹੈ। ਕਰ ਲਓ ਘਿਓ ਨੂੰ ਭਾਂਡਾ….. ਬੰਦਾ ਜਾਵੇ ਤਾਂ ਕਿੱਧਰ ਜਾਵੇl ਹੁਣ ਦੱਸੋ ਕੀ ਕਰੀਏl ਹੋਰ ਲੈ ਲਵੋ….ਬਹੁਤ ਚਿਰ ਪਹਿਲਾਂ ਡਾਕਟਰਾਂ ਨੇ ਸਾਨੂੰ ਸਲਾਹ ਦਿੱਤੀ ਸੀ ਤੁਹਾਡੇ ਸਰੀਰ ਤੇ ਕੋਈ ਚਾਹ ਜਾਂ ਗਰਮ ਪਾਣੀ ਡੁੱਲ ਜਾਵੇ ਜਾਂ ਹੋਰ ਇਸ ਵਰਗੀ ਕੋਈ ਮੁਸੀਬਤ ਪੈ ਜਾਵੇ ਤੇ ਉਸ ਤੇ ਪਾਣੀ ਨਾ ਪਾਓ ਕਿਉਂਕਿ ਉਸ ਨਾਲ ਛਾਲੇ ਪੈ ਸਕਦੇ ਹਨl ਪਰ ਹੁਣ ਇਹ ਧਾਰਨਾ ਬਦਲ ਗਈ ਹੈlਹੁਣ ਇਹ ਸਿਫਾਰਿਸ਼ ਕਰਦੇ ਹਨ ਕਿ ਹੁਣ ਸਾਨੂੰ ਇਸ ਉੱਪਰ ਪਾਣੀ ਪਾਉਣਾ ਚਾਹੀਦਾ ਹੈ l ਇਸੇ ਹੀ ਤਰ੍ਹਾਂ ਖਾਣ ਪੀਣ ਦੀਆਂ ਚੀਜ਼ਾਂ ਤੇ ਬਹੁਤ ਸਾਰੇ ਵਾਦ ਵਿਵਾਦ ਚੱਲ ਰਹੇ ਹਨ। ਕੋਈ ਕਹਿੰਦਾ ਹੈ ਇਹ ਚੀਜ਼ ਚੰਗੀ ਹੈ ਕੋਈ ਕਹਿੰਦਾ ਹੈ ਇਹ ਮਾੜੀ ਚੀਜ਼ ਹੈ ਕੋਈ ਕਹਿੰਦਾ ਟਮਾਟਰ ਖਾਣੇ ਖਤਰਨਾਕ ਹਨl ਕੋਈ ਕਹਿੰਦਾ ਰਾਤ ਨੂੰ ਦਹੀ ਨਹੀਂ ਖਾਣਾ ਚਾਹੀਦਾ ਕੜੀ ਨਹੀਂ ਖਾਣੀ ਚਾਹੀਦੀl ਦਸੋ ਹੁਣ ਕੀ ਕਰੀਏ…. ਮੈਂ 25 ਸਾਲ ਮਰਚੈਂਟ ਨੇਵੀ ਵਿੱਚ ਨੌਕਰੀ ਕੀਤੀ ਹੈ ਬਹੁਤ ਸਾਰੇ ਜਹਾਜ਼ ਰੀਫਾਈਡ ਤੇਲ ਢੋਂਦੇ ਸਨ ਉਹ ਕਿਸ ਤਰ੍ਹਾਂ ਤੇਲ ਕੱਢਿਆ ਜਾਂਦਾ ਹੈ ਤੇ ਜਹਾਜ਼ ਰਾਹੀਂ ਕਿਵੇਂ ਲਿਆ ਕੇ ਰਿਫਾਇਡ ਕੀਤਾ ਜਾਂਦਾ ਹੈ ਉਹ ਸਾਰੇ ਤਰੀਕੇ ਤਕਨੀਕੀ ਤੌਰ ਤੇ ਗ਼ਲਤ ਹਨ। ਹਰ ਕੋਈ ਚੀਜ਼ ਰਿਫਾਇਡ ਜਾਨੀ ਕਿ ਦੁਬਾਰਾ ਲੱਭੀ ਜਾਵੇ ਉਸ ਵਿੱਚ ਸਾਰੇ ਗੁਣ ਨਹੀਂ ਰਹਿੰਦੇ ਉਹ ਕਿਸ ਕੰਮ ਦੀ ਹੈ। ਜਿਹੜੇ ਦੇਸ਼ਾਂ ਵਿੱਚ ਰਿਫਾਇੰਡ ਤੇਲ ਬਣਾਇਆ ਜਾਂਦਾ ਹੈ ਉਥੋਂ ਦੇ ਲੋਕ ਇਸ ਨੂੰ ਵਰਤਦੇ ਨੇ ਫਿਰ ਬਾਕੀ ਲੋਕਾਂ ਲਈ ਇਹ ਕਿਵੇਂ ਚੰਗਾ ਹੋ ਸਕਦਾ ਹੈ। ਦੂਸਰੀ ਗੱਲ ਅਸੀਂ ਜਹਾਜ਼ ਵਿੱਚ ਸਮੁੰਦਰੀ ਪਾਣੀ ਤੋਂ ਆਮ ਬਰਤਨ ਵਾਲਾ ਤੇ ਪੀਣ ਵਾਲਾ ਪਾਣੀ ਬਣਾ ਲੈਂਦੇ ਹਾਂ ਪਰ ਸਿਹਤ ਪੱਖੋਂ ਜਰੂਰੀ ਹੈ ਕਿ ਅਸੀਂ ਬਾਹਰ ਤੋਂ ਮੰਗਵਾ ਕੇ ਬੋਤਲਾਂ ਵਾਲਾ ਸ਼ੁਧ ਪਾਣੀ ਵੀ ਪੀਂਦੇ ਹਾਂ। ਇੱਕ ਵਾਰ ਦੀ ਗੱਲ ਹੈ ਸਾਡਾ ਇੱਕ ਪੁਰਾਣਾ ਜਹਾਜ਼ ਸੀ ਉਸ ਵਿੱਚ ਸਮੁੰਦਰੀ ਪਾਣੀ ਤੋਂ ਸ਼ੁੱਧ ਪਾਣੀ ਬਣਾਉਣ ਦਾ ਤਰੀਕਾ ਠੀਕ ਨਹੀਂ ਸੀ ਤਾਂ ਕੰਪਨੀ ਨੇ ਬਾਹਰ ਤੋਂ ਪਾਣੀ ਲੈ ਕੇ ਆਪਣੇ ਟੈਂਕ ਭਰ ਲਏ ਤੇ ਆਰ ਓ ਰਾਹੀਂ ਸਾਫ ਕਰਕੇ ਸਾਨੂੰ ਪਿਲਾਇਆ ਜਾਂਦਾ ਸੀ। ਸੁਰੱਖਿਆ ਪੱਖੋਂ ਜਿਸ ਬੰਦਰਗਾਹ ਤੇ ਜਹਾਜ਼ ਲੱਗਦਾ ਹੈ ਉਥੋਂ ਦੇ ਡਾਕਟਰ ਖਾਣੇ ਬਾਰੇ ਜਰੂਰ ਵੇਖਣ ਆਉਂਦੇ ਹਨ ਜਦੋਂ ਪੀਣ ਵਾਲੇ ਪਾਣੀ ਬਾਰੇ ਕਪਤਾਨ ਨੂੰ ਸਵਾਲ ਕੀਤਾ ਉਸਨੇ ਇਹ ਤਰੀਕਾ ਦੱਸਿਆ ਕਿ ਅਸੀਂ ਬਾਹਰ ਤੋਂ ਪਾਣੀ ਲੈ ਕੇ ਫਿਲਟਰ ਕਰਕੇ ਦਿੰਦੇ ਹਾਂ। ਪਾਠਕਾਂ ਨੂੰ ਸੁਣ ਕੇ ਹੈਰਾਨੀ ਹੋਵੇਗੀ ਜਹਾਜ਼ ਕੰਪਨੀ ਨੂੰ ਜੁਰਮਾਨਾ ਲਗਾ ਦਿੱਤਾ ਤੇ ਕਿਹਾ ਜਦੋਂ ਤੱਕ ਤੁਸੀਂ ਬੋਤਲਾਂ ਵਾਲਾ ਪਾਣੀ ਜਹਾਜ਼ ਵਿੱਚ ਨਹੀਂ ਲੈ ਕੇ ਆਉਂਦੇ ਤਾਂ ਜਹਾਜ ਨੂੰ ਤੁਰਨ ਨਹੀਂ ਦਿੱਤਾ ਜਾਵੇਗਾ। ਕੁੱਲ ਮਿਲਾ ਕੇ ਵੇਖਿਆ ਜਾਵੇ ਕਿ ਸਿਹਤ ਪੱਖੋਂ ਡਾਕਟਰ ਆਪਣੇ ਤਰੀਕੇ ਨਾਲ ਫੈਸਲਾ ਕਰ ਲੈਂਦੇ ਹਨ ਬਾਅਦ ਵਿੱਚ ਬਦਲ ਲੈਂਦੇ ਹਨ ਭਲਾਂ ਕਿੱਧਰ ਨੂੰ ਜਾਈਏ ਦੱਸੋ ਹੁਣ ਕੀ ਕਰੀਏ?
ਰਮੇਸ਼ਵਰ ਸਿੰਘ