ਚੁੱਪ ਕਦੀ ਵੀ ਕਮਜ਼ੋਰੀ ਨਹੀਂ ਹੁੰਦੀ। ਜੇਕਰ ਕੋਈ ਇਨਸਾਨ ਕਿਸੇ ਮਸਲੇ ਤੇ ਚੁੱਪ ਕਰ ਗਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਡਰ ਗਿਆ ਹੈ। ਹੋ ਸਕਦਾ ਹੈ ਉਹ ਸਹੀ ਮੌਕੇ ਦੀ ਤਲਾਸ਼ ਕਰ ਰਿਹਾ ਹੋਵੇ। ਹੋ ਸਕਦਾ ਹੈ ਉਹ ਬਿਨਾਂ ਵਜਾ ਤਲਖੀ ਵਿੱਚ ਹੀ ਨਾ ਆਉਣਾ ਚਾਹੁੰਦਾ ਹੋਵੇ। ਹੋ ਸਕਦਾ ਹੈ ਉਹ ਆਪਣਾ ਸਮਾਂ ਤੇ ਊਰਜਾ ਬਰਬਾਦ ਨਾ ਕਰਨੀ ਚਾਹੁੰਦਾ ਹੋਵੇ। ਪਰ ਜੇਕਰ ਉਸ ਨੂੰ ਬਾਰ-ਬਾਰ ਛੇੜਿਆ ਜਾਵੇ। ਕਈ ਵਾਰ ਅਸੀਂ ਕਿਸੇ ਨੂੰ ਬਿੱਲੀ ਸਮਝ ਲੈਂਦੇ ਹਾਂ ਭੁਲੇਖੇ ਵਿੱਚ ਉਹ ਸ਼ੇਰ ਵੀ ਹੋ ਸਕਦਾ ਹੈ।
ਕਿਸੇ ਦੀ ਚੁੱਪ ਉਸ ਦੀ ਕਮਜ਼ੋਰੀ ਨਹੀਂ ਹੁੰਦੀ। ਪਰ ਜੇਕਰ ਤੁਸੀਂ ਕਿਸੇ ਚੁੱਪ ਮਨੁੱਖ ਨੂੰ ਬਾਰ-ਬਾਰ ਛੇੜੋਗੇ ਤਾਂ ਯਕੀਨਨ ਜਦੋਂ ਉਹ ਬੋਲੇਗਾ ਤਾਂ ਤੁਸੀਂ ਖੜੇ ਹੋਣ ਜੋਗੇ ਨਹੀਂ ਰਹੋਗੇ। ਉਸਦੀ ਚੁੱਪ ਦੇ ਪਿੱਛੇ ਬਹੁਤ ਕੁਝ ਹੁੰਦਾ ਹੈ। ਇਹ ਕਦੀ ਨਾ ਸਮਝੋ ਕਿ ਉਸ ਕੋਲ ਬੋਲਣ ਲਈ ਕੁਝ ਨਹੀਂ ਹੈ। ਸ਼ਾਂਤ ਵਹਿੰਦੀ ਨਦੀ ਜਦੋਂ ਉਫਾਨ ਤੇ ਆਉਂਦੀ ਹੈ ਤਾਂ ਸਭ ਕੁਝ ਵਹਾ ਲੈ ਜਾਂਦੀ ਹੈ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
ਖਾਸ ਤੌਰ ਤੇ ਅਹੁਦਿਆਂ ਤੇ ਰੁਤਬਿਆਂ ਦੇ ਡਰਾਵਿਆਂ ਤੋਂ ਕੋਈ ਨਹੀਂ ਡਰਦਾ। ਇਹਨਾਂ ਅਹੁਦਿਆਂ ਤੇ ਰੁਤਬਿਆਂ ਦੇ ਪਰਦੇ ਤੋਂ ਪਿੱਛੇ ਤੁਸੀਂ ਕੀ ਹੋ ਇਹ ਮਹੱਤਵਪੂਰਨ ਹੈ। ਜੇਕਰ ਤੁਸੀਂ ਚੰਗੇ ਇਨਸਾਨ ਹੋ ਤਾਂ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਜੇਕਰ ਤੁਸੀਂ ਸਹੀ ਹੋ ਤਾਂ ਤੁਹਾਨੂੰ ਨਾ ਡਰਨ ਦੀ ਲੋੜ ਹੈ ਤੇ ਨਾ ਡਰਾਉਣ ਦੀ। ਪਰ ਜੇਕਰ ਤੁਸੀਂ ਕਿਸੇ ਨੂੰ ਡਰਾਓਗੇ ਤਾਂ ਸਾਹਮਣੇ ਵਾਲਾ ਵੀ ਚੁੱਪ ਨਹੀਂ ਰਹੇਗਾ। ਇਸ ਨਾਲ ਮਸਲਾ ਉਲਝੇਗਾ। ਜੇ ਕੋਈ ਇੱਕ ਬੰਦਾ ਚੁੱਪ ਕਰਕੇ ਮਸਲੇ ਨੂੰ ਦੱਬਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਦੂਜੇ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਲਝਣ ਵਿੱਚ ਕੋਈ ਫਾਇਦਾ ਨਹੀਂ। ਜਦੋਂ ਦੋਵੇਂ ਧਿਰਾਂ ਬੋਲਦੀਆਂ ਹਨ ਤਾਂ ਆਪਣੇ ਹੀ ਪਾਜ਼ ਉਘੇੜਦੀਆਂ ਹਨ। ਲੋਕਾਂ ਨੂੰ ਮੁਫਤ ਵਿੱਚ ਤਮਾਸ਼ਾ ਦੇਖਣ ਦਾ ਮੌਕਾ ਮਿਲਦਾ ਹੈ। ਚਾਰ ਬੰਦੇ ਇੱਕ ਧਿਰ ਨਾਲ ਹੋ ਜਾਂਦੇ ਹਨ ਤੇ ਚਾਰ ਦੂਜੀ ਨਾਲ। ਤਮਾਸ਼ਾ ਵੇਖਣ ਵਾਲਿਆਂ ਨੇ ਤਾਂ ਕਹਿਣਾ ਹੀ ਹੁੰਦਾ ਹੈ ਕਿ ਤੁਸੀਂ ਦੱਬ ਦਿਓ ਅਸੀਂ ਤੁਹਾਡੇ ਨਾਲ ਹਾਂ।
ਇੱਕ ਸੁਲਝੇ ਹੋਏ ਇਨਸਾਨ ਦੀ ਪਛਾਣ ਇਹੀ ਹੈ ਕਿ ਉਹ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ। ਇੱਥੇ ਇਹ ਵੀ ਦੱਸ ਦੇਣਾ ਜਰੂਰੀ ਹੋ ਜਾਂਦਾ ਹੈ ਕਿ ਇੱਕ ਸਹੀ ਇਨਸਾਨ ਕਦੇ ਨਹੀਂ ਡਰਦਾ। ਜਿਹੜਾ ਬੰਦਾ ਆਪਣਾ ਕੰਮ ਸਹੀ ਤਰੀਕੇ ਨਾਲ ਕਰਦਾ ਹੈ ਉਸ ਨੂੰ ਕਿਸੇ ਕਿਸਮ ਦਾ ਡਰ ਨਹੀਂ ਹੁੰਦਾ। ਕਈ ਵਾਰ ਦਬਕੇ ਦੇ ਚੱਕਰ ਵਿੱਚ ਤੁਸੀਂ ਸੁੱਤੀ ਕਲਾ ਜਗਾ ਲੈਂਦੇ ਹੋ।
ਚੁੱਪ ਸਭ ਤੋਂ ਵੱਡਾ ਹਥਿਆਰ ਹੈ। ਪਰ ਤੁਹਾਡੀ ਚੁੱਪ ਦੇ ਬਾਵਜੂਦ ਜੇ ਸਾਹਮਣੇ ਵਾਲਾ ਨਾ ਟਿਕੇ ਤਾਂ ਫਿਰ ਬੋਲਣਾ ਜਰੂਰੀ ਹੋ ਜਾਂਦਾ ਹੈ ਤੇ ਬੋਲਣਾ ਚਾਹੀਦਾ ਵੀ ਹੈ।