ਸ਼ੱਕ ਦੀ ਸਿਉਕ

ਸੁਨੀਤਾ ਅਤੇ ਰਮਨ ਦੋਵੇਂ ਚੰਗੀ ਨੌਕਰੀ ਕਰਦੇ ਸਨ। ਉਹਨਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ। ਪਰਮਾਤਮਾ ਦੀ ਮਿਹਰ ਨਾਲ ਸਭ ਪਾਸੇ ਲਹਿਰਾਂ ਬਹਿਰਾਂ ਸਨ।
         ਬਸ ਸੁਨੀਤਾ ਰਮਨ ਦੀ ਇੱਕ ਆਦਤ ਤੋਂ ਬਹੁਤ ਜਿਆਦਾ ਪਰੇਸ਼ਾਨ ਸੀ। ਉਹ ਜਦੋਂ ਵੀ ਕਦੀ ਦਫਤਰ ਤੋਂ ਲੇਟ ਹੋ ਜਾਂਦੀ ਰਮਨ ਅਕਸਰ ਹੀ ਉਸਨੂੰ ਸ਼ੱਕ ਭਰੇ ਸਵਾਲ ਕਰਦਾ, ਕਿੱਥੇ ਸੀ? ਕਿਸਦੇ ਨਾਲ ਸੀ, ਜੋ ਇੰਨੀ ਲੇਟ ਹੋ ਗਈ? ਰਮਨ ਦੇ ਅਜਿਹੇ ਪ੍ਰਸ਼ਨ ਪੁੱਛਣ ਦਾ ਲਹਿਜਾ ਉਸ ਨੂੰ ਬਹੁਤ ਦੁੱਖ ਦਿੰਦਾ।
       ਵਕਤ ਬੀਤਦਾ ਜਾ ਰਿਹਾ ਸੀ। ਪਰ ਠੀਕ ਹੋਣ ਦੀ ਬਜਾਏ ਰਮਨ ਅੰਦਰਲੀ ਸ਼ੱਕ ਦੀ ਸਿਉਂਕ ਹੌਲੀ ਹੌਲੀ ਹੋਰ ਵਧੀ ਜਾ ਰਹੀ ਸੀ। ਇਸੇ ਕਾਰਨ ਹਰ ਦੂਜੇ ਤੀਜੇ ਦਿਨ ਬਾਅਦ ਉਨਾਂ ਦਾ ਝਗੜਾ ਹੋ ਜਾਂਦਾ।
      ਰਮਨ ਨਾਲ ਝਗੜਾ ਹੋਣ ਤੋਂ ਬਾਅਦ ਸੁਨੀਤਾ ਬਹੁਤ ਰੋਂਦੀ…… ਤੇ ਅੰਤ  ਉਸਨੇ ਫੈਸਲਾ ਕਰ ਲਿਆ ਕਿ ਉਹ ਹੋਰ ਨੌਕਰੀ ਨਹੀਂ ਕਰੇਗੀ..ਭਾਵੇਂ ਉਸ ਨੂੰ ਮਹੀਨੇ ਦੀ ਲੱਖ ਤੋਂ ਉੱਪਰ ਦੀ ਆਮਦਨ ਸੀ। ਖੈਰ ਬਹੁਤ ਹੀ ਕੌੜਾ ਘੁੱਟ ਭਰ ਕੇ ਸੁਨੀਤਾ ਨੇ ਨੌਕਰੀ ਛੱਡ ਦਿੱਤੀ।
          ਹੁਣ ਘਰ ਦਾ ਮਾਹੌਲ ਕੁਝ ਸੁਖਾਵਾਂ ਹੋਣ ਲੱਗਾ। ਪਰ ਇਹ ਖੁਸ਼ੀ ਵੀ ਬਹੁਤੇ ਦਿਨ ਤੱਕ ਨਹੀਂ ਟਿਕ ਸਕੀ ਕਿਉਂਕਿ ਜਦੋਂ ਵੀ ਸੁਨੀਤਾ ਦਾ ਕੋਈ ਫੋਨ ਆ ਜਾਂਦਾ ਤਾਂ ਰਮਨ ਫਿਰ ਸ਼ੱਕ ਭਰੇ ਲਹਿਜੇ ‘ਚ ਉਸ ਨੂੰ ਕਈ ਪ੍ਰਸ਼ਨ ਪੁੱਛਦਾ। ਸੁਨੀਤਾ ਇਹ ਸਭ ਸੁਣ ਕਲਪ ਜਾਂਦੀ… ਤੇ ਜੇ ਉਹ ਕਦੇ ਘਰ ਦਾ ਸਮਾਨ ਲੈਣ ਗਈ ਬਾਜ਼ਾਰ ਤੋਂ ਲੇਟ ਹੋ ਜਾਂਦੀ ਤਾਂ ਰਮਨ ਅੰਦਰਲੀ ਸ਼ੱਕ ਦੀ ਸੂਈ ਫਿਰ ਘੁੰਮਣ ਲੱਗਦੀ।  ਸੁਨੀਤਾ ਦੇ ਬਾਰ ਬਾਰ ਸਮਝਾਉਣ ਤੇ ਵੀ ਉਹ ਬਿਲਕੁਲ ਨਾ ਸਮਝਦਾ ।   ਇੰਝ ਹੀ ਇੱਕ ਦਿਨ ਗੁਰਦੁਆਰਾ ਸਾਹਿਬ ਤੋਂ ਆਉਂਦੇ ਹੋਏ ਸੁਨੀਤਾ ਲੇਟ ਹੋ ਗਈ। ਉਸਦੇ ਆਉਂਦੇ ਹੀ ਰਮਨ ਉਸ ਤੇ ਉਸਦੇ ਵਰਸ ਵਰਸ ਪਿਆ, ” ਸੱਚੋ ਸੱਚ ਦੱਸ ਕਿਹੜੇ ਯਾਰ ਨਾਲ ਘੁੰਮ ਰਹੀ ਸੀ? ਅੱਜ ਦੱਸ ਹੀ ਦੇ ਮੈਨੂੰ? ਤੇ ਰਮਨ ਚਿਲਾਉਣ ਲੱਗਾ।
            ਅਨੀਤਾ ਜ਼ੋਰ ਜ਼ੋਰ ਦੀ ਰੋਣ ਲੱਗੀ। ਅੱਜ ਉਸ ਤੋਂ ਵੀ ਰਿਹਾ ਨਾ ਗਿਆ ਤੇ ਉਹ ਵੀ ਖੂਬ ਬੋਲੀ। ਉਹਨਾਂ ਦਾ ਜ਼ਬਰਦਸਤ ਝਗੜਾ ਹੋ ਗਿਆ। ਤੇ ਉਹ ਰੋਂਦੀ ਹੋਈ ਆਪਣਾ ਸਮਾਨ ਲੈ ਕੇ ਪੇਕੇ ਚਲੀ ਗਈ। ਕੋਈ ਵੀ ਉਹਨਾਂ ਦਾ ਸਮਝੌਤਾ ਨਾ ਕਰਵਾ ਸਕਿਆ।
       ਗੁੱਸੇ ਚ ਆਏ ਰਮਨ ਨੇ ਉਸਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ। ਤਲਾਕ ਦੇ ਕਾਗਜ਼ ਦੇਖ ਕੇ ਸੁਨੀਤਾ ਭੁੱਬੀ ਰੋ ਪਈ ਕਿਉਂਕਿ ਸ਼ੱਕ ਦੀ ਸਿਉਂਕ ਉਹਨਾਂ ਦੇ ਖੂਬਸੂਰਤ ਰਿਸ਼ਤੇ ਨੂੰ ਨਿਗਲ ਚੁੱਕੀ ਸੀ।
ਮਨਪ੍ਰੀਤ ਕੌਰ ਭਾਟੀਆ
Share: