ਪਹਿਲਾ ਸੰਸਾਰ ਮਹਾਂਯੁੱਧ 28 ਜੁਲਾਈ 1914 ਤੋਂ ਸ਼ੁਰੂ ਹੋ ਕੋ 11 ਨਵੰਬਰ 1918 ਤਕ ਚਲਿਆ। ਇਸ ਮਹਾਂਯੁੱਧ ਵਿਚ ਕਰੋੜਾਂ ਲੋਕ ਮਾਰੇ ਗਏ। ਲੜਾਈਆਂ ਨੂੰ ਰੋਕਣ ਲਈ ਯੂ ਐਨ ਓ ਦੀ ਸਥਾਪਨਾ ਹੋਈ। ਵਰਸੇਯ ਦੀ ਸੰਧੀ ਰਾਹੀਂ ਜਰਮਨੀ ਨਾਲ ਅਪਮਾਨਜਨਕ ਵਰਤਾਵ ਕੀਤਾ ਗਿਆ। ਰਾਜ ਸੱਤਾ ਪ੍ਰਾਪਤ ਕਰਦੇ ਸਾਰ ਹੀ ਹਿਟਲਰ ਨੇ ਇਸ ਸੰਧੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਯੂਰਪ ਦੋ ਵਿਰੋਧੀ ਗੁੱਟਾਂ ‘ਐਕਸਿਸ ਪਾਵਰ’ ਤੇ ‘ਅਲਾਈਡ ਪਾਵਰ’ ਵਿੱਚ ਵੰਡਿਆ ਗਿਆ। ਐਕਸਿਸ ਪਾਵਰ ਨੂੰ ਜਰਮਨੀ ਤੇ ਜਪਾਨ ਅਤੇ ਅਲਾਈਡ ਪਾਵਰ ਨੂੰ ਅਮਰੀਕਾ ਤੇ ਇੰਗਲੈਂਡ ਲੀਡ ਕਰ ਰਿਹਾ ਸੀ। ਇਕ-ਦੂਜੇ ਤੋਂ ਸ਼ਕਤੀਸ਼ਾਲੀ ਹੋਣ ਦੀ ਮਨੂੰਵਾਦੀ ਸੋਚ ਕਾਰਨ ਦੋਹਾਂ ਗੁੱਟਾਂ ਵਿੱਚਕਾਰ ਸੀਤ ਯੁੱਧ ਸ਼ੁਰੂ ਹੋ ਗਿਆ।
ਦੂਸਰੇ ਸੰਸਾਰ ਮਹਾਂਯੁੱਧ ਦਾ ਤਤਕਾਲੀ ਕਾਰਨ ਜਰਮਨੀ ਦੁਆਰਾ ਪੋਲੈਂਡ ’ਤੇ ਹਮਲਾ ਕਰਨਾ ਬਣਿਆ। ਵਰਸੇਯ ਦੀ ਸੰਧੀ ਪੱਤਰ ਵਿੱਚ ਪੋਲੈਂਡ ਨੂੰ ਸਮੁੰਦਰ ਤੱਕ ਰਸਤਾ ਦੇਣ ਲਈ ਜਰਮਨੀ ਦੇ ਦੋ ਟੁਕੜੇ ਕਰਕੇ ਵਿਚਕਾਰਲਾ ਡੇਨਜ਼ਿੰਗ ਦਾ ਭਾਗ ਪੋਲੈਂਡ ਦੇ ਹਵਾਲੇ ਕਰ ਦਿੱਤਾ। ਜਰਮਨੀ ਨੇ ਪੋਲੈਂਡ ਤੋਂ ਡੇਨਜ਼ਿੰਗ ਦਾ ਭਾਗ ਮੰਗਿਆ ਪਰ ਉਤਰ ਦੀ ਉਡੀਕ ਕੀਤੇ ਬਿਨਾਂ ਹੀ 1 ਸਤੰਬਰ 1939 ਨੂੰ ਹਿਟਲਰ ਨੇ ਪੋਲੈਂਡ ਉਤੇ ਹਮਲਾ ਕਰ ਦਿੱਤਾ। ਇੰਗਲੈਂਡ ਨੇ ਜਰਮਨੀ ਨੂੰ ਪੋਲੈਂਡ ਖ਼ਾਲੀ ਕਰਨ ਨੂੰ ਕਿਹਾ ਤਾਂ ਜਰਮਨੀ ਨੇ ਇਨਕਾਰ ਕਰ ਦਿੱਤਾ ਤਾਂ 3 ਸਤੰਬਰ 1939 ਨੂੰ ਇੰਗਲੈਂਡ ਨੇ ਜਰਮਨੀ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਤਾਂ ਦੂਜਾ ਸੰਸਾਰ ਮਹਾਂਯੁੱਧ ਸ਼ੁਰੂ ਹੋ ਗਿਆ।
ਫ਼ਾਸ਼ਿਸਟ ਹਿਟਲਰ ਦੀ 30 ਅਪ੍ਰੈਲ 1945 ਨੂੰ ਮੌਤ ਹੋ ਗਈ ਤਾਂ ਨਾਜ਼ੀ ਸੈਨਾ ਦੇ ਕਮਜ਼ੋਰ ਹੋਣ ਕਾਰਨ ਬਿਖਰ ਗਈ। ਅਲਾਈਡ ਪਾਵਰ ਅੱਗੇ ਐਕਸਿਸ ਪਾਵਰ ਦੇ ਕਮਜ਼ੋਰ ਪੈਣ ਕਾਰਨ 7 ਮਈ ਨੂੰ ਜਰਮਨੀ ਨੇ ਸਰੰਡਰ ਕਰ ਦਿੱਤਾ। ਪਰ ਜਪਾਨ ਦੇ ਰਾਜਾ ਹੀਰੋਹਿੱਤੋ, ਯੁੱਧ ਲਈ ਬਜਿੱਦ ਸੀ ਅਤੇ ਉਹ ਅਲਾਈਡ ਪਾਵਰ ਨੂੰ ਹਰਾਉਣ ਲਈ ਅਮਰੀਕਾ ਉਤੇ ਪ੍ਰਮਾਣੂ ਬੰਬ ਸੁੱਟਣ ਲਈ ਤਿਆਰੀ ਕਰਨ ਲੱਗ ਪਿਆ ਤੇ ” ਸਰੰਡਰ ਕਰਨ ਲਈ ਤਿਆਰ ਨਾ ਹੋਇਆ।
ਸਿੱਟੇ ਵੱਜੋਂ ਅਮਰੀਕਾ ਨੇ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉਤੇ 6 ਅਗਸਤ 1945 ਨੂੰ ‘ਲਿਟਲ ਬੁਆਏ’ ਨਾਮ ਦਾ ਪ੍ਰਮਾਣੂ ਬੰਬ ਸੁੱਟ ਦਿੱਤਾ, ਜਿਸ ਵਿੱਚ 80 ਹਜ਼ਾਰ ਲੋਕ ਮਾਰੇ ਗਏ। ਜਪਾਨ ਅਜੇ ਸੰਭਲ ਹੀ ਰਿਹਾ ਸੀ ਕਿ ਅਮਰੀਕਾ ਨੇ 9 ਅਗਸਤ ਨੂੰ ਨਾਗਾਸਾਕੀ ਉਤੇ ‘ਫੈਟਮੈਨ’ ਨਾਮ ਦਾ ਪ੍ਰਮਾਣੂ ਬੰਬ ਸੁੱਟ ਦਿੱਤਾ, ਜਿਸ ਨਾਲ 40 ਹਜ਼ਾਰ ਲੋਕ ਮਾਰੇ ਗਏ। ਦੋਹਾਂ ਪ੍ਰਮਾਣੂ ਹਮਲਿਆਂ ਵਿੱਚ ਇੱਕ ਲੱਖ 29 ਹਜ਼ਾਰ ਲੋਕ ਮਾਰੇ ਗਏ। 19 ਅਗਸਤ ਨੂੰ ਅਮਰੀਕਾ ਇੱਕ ਹੋਰ ਪ੍ਰਮਾਣੂ ਬੰਬ ਸੁੱਟਣ ਹੀ ਵਾਲਾ ਸੀ ਤਾਂ ਪਹਿਲੀ ਤਬਾਹੀ ਤੋਂ ਤਰਾਹ-ਤਰਾਹ ਕੰਬਦੇ, ਜਪਾਨ ਨੇ ਉਸ ਤੋਂ ਪਹਿਲਾਂ ਹੀ 14 ਅਗਸਤ ਨੂੰ ਸਰੰਡਰ ਕਰ ਦਿੱਤਾ, ਤਾਂ 6 ਸਾਲਾਂ ਤੋਂ ਚਲਿਆ ਆ ਰਿਹਾ ਦੂਜਾ ਮਹਾਂਯੁੱਧ ਕੁਝ ਹੀ ਦਿਨਾਂ ਵਿੱਚ ਹੀ ਖਤਮ ਹੋ ਗਿਆ।
ਦੂਜਾ ਸੰਸਾਰ ਮਹਾਂਯੁੱਧ, ਪਹਿਲੇ ਨਾਲੋਂ ਅਧਿਕ ਵਿਨਾਸ਼ਕਾਰੀ ਸਿੱਧ ਹੋਇਆ। ਲੱਖਾਂ ਲੋਕ ਮਾਰੇ ਗਏ। ਸੰਸਾਰ ਦਾ ਪਰਿਵਾਰਕ ਜੀਵਨ ਖੇਰੂੰ-ਖੇਰੂੰ ਹੋ ਗਿਆ, ਹਜ਼ਾਰਾਂ ਨਗਰ ਸ਼ਹਿਰ ਉਜੜ ਗਏ। ਸੰਸਾਰ ਵਿੱਚ ਚਾਰੇ ਪਾਸੇ ਹਾਹਾਕਾਰ ਮਚ ਗਈ ਤਾਂ ਸਾਰੇ ਦੇਸ਼ਾਂ ਨੇ ਸ਼ਾਂਤੀ ਦੀ ਦੁਹਾਈ ਪਾਈ। ਇਸ ਸ਼ਾਂਤੀ ਸਥਾਪਨਾ ਲਈ 1945 ਈ. ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਫਿਰ ਹੋਈ। ਸੰਸਾਰ ਦੇ ਸਾਰੇ ਲੋਕ ਮਹਿਸੂਸ ਕਰਨ ਲੱਗੇ ਕਿ ਜੇਕਰ ਭਵਿੱਖ ਵਿੱਚ ਕੋਈ ਹੋਰ ਸੰਸਾਰ ਯੁੱਧ ਛਿੜ ਪਿਆ ਤਾਂ ਮਨੁੱਖੀ ਸੱਭਿਅਤਾ ਦਾ ਨਾਂ ਲੈਣ ਵਾਲਾ ਕੋਈ ਨਹੀਂ ਰਹੇਗਾ।
ਯੁੱਧ ਨਾਲ ਹੋਈ ਜਾਨ ਮਾਲ ਦੀ ਤਬਾਹੀ ’ਤੇ ਗਰਾਂਟ ਤੇ ਟੈਮਪਰਲੇ ਨੇ ਕਿੰਤੂ ਕਰਦਿਆਂ ਕਿਹਾ ਸੀ ਕਿ ਪਹਿਲੇ ਸੰਸਾਰ ਮਹਾਂਯੁੱਧ ਦੇ ਭਿਆਨਕ ਸਿੱਟਿਆਂ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਵਿਨਾਸ਼ਕਾਰੀ ਲੜਾਈ ਮੁੜ ਕਦੇ ਨਹੀਂ ਹੋ ਸਕਦੀ, ਜੇ ਹੋਈ ਤਾਂ ਮਨੁੱਖੀ ਸੱਭਿਅਤਾ ਦਾ ਅੰਤ ਹੋ ਜਾਵੇਗਾ। ਦੂਜੀ ਸੰਸਾਰ ਜੰਗ ਵਿੱਚ ਜਾਨ ਤੇ ਮਾਲ ਦੀ ਹੋਈ ਭਿਆਨਕ ਤਬਾਹੀ ਨੂੰ ਦੇਖਦੇ ਹੋਏ, ਐਲਬਰਟ ਆਈਨਸਟਾਈਨ ਨੇ ਕਿਹਾ, ‘‘ਤੀਜੀ ਸੰਸਾਰ ਜੰਗ ਦਾ ਤਾਂ ਮੈਨੂੰ ਪਤਾ ਨਹੀਂ, ਕਿੱਦਾਂ ਲੜੀ ਜਾਵੇਗੀ, ਪਰ ਜੇ ਚੌਥੀ ਸੰਸਾਰ ਜੰਗ ਹੋਈ ਤਾਂ ਉਹ ਪੱਥਰਾਂ ਤੇ ਡੰਡਿਆਂ ਨਾਲ ਲੜੀ ਜਾਵੇਗੀ।’’
ਦੂਜਾ ਸੰਸਾਰ ਯੁੱਧ ਤਾਨਾਸ਼ਾਹੀ ਅਤੇ ਲੋਕਤੰਤਰ ਵਿਚਕਾਰ ਸੀ। ਦੂਜੇ ਵਿਸ਼ਵ ਯੁੱਧ ਵਿੱਚ ਫ਼ਾਸ਼ੀਵਾਦੀ ਤਾਨਾਸ਼ਾਹ ‘ਹਿਟਲਰ, ਮਸੋਲੀਨੀ’ ਦਾ ਲੋਕਤੰਤਰਕ ਤਾਕਤਾਂ ਨੇ ਡੱਟਕੇ ਵਿਰੋਧ ਕੀਤਾ ਸੀ। ਕਿਉਂਕਿ ਹਿਟਲਰਵਾਦੀ ਤਾਨਾਸ਼ਾਹੀ ਮਨੁੱਖਤਾ ਵਿਰੋਧੀ ਹੈ ਅਤੇ ਲੋਕਤੰਤਰ ਮਨੁੱਖਤਾ ਦੇ ਹੱਕ ਵਿਚ ਹੈ। ਇਸ ਕਰਕੇ ਹੀ ਭਾਰਤੀਆਂ ਦੂਜੇ ਮਹਾਂਯੁੱਧ ਵਿੱਚ ਲੋਕਤੰਤਰਕ ਬਿ੍ਰਟਿਸ਼ਾਂ ਦਾ ਸਾਥ ਦਿੱਤਾ ਸੀ।
ਯੂ. ਐਨ. ਓ. ਵਲ੍ਹੋਂ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ
ਦੂਜੇ ਸੰਸਾਰ ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ ਦੀ ਮਹਾਂ-ਸਭਾ ਨੇ 10 ਦਸੰਬਰ, 1948 ਨੂੰ ਮਨੁੱਖੀ ਅਧਿਕਾਰਾਂ ਦੀ ਸਰਵ-ਵਿਆਪੀ ਘੋਸ਼ਣਾ ਕੀਤੀ-
1. ਸਾਰੇ ਵਿਅਕਤੀ ਸੁਤੰਤਰ ਹੀ ਪੈਦਾ ਹੋਏ ਹਨ। ਗੌਰਵ ਤੇ ਅਧਿਕਾਰਾਂ ਸਬੰਧੀ ਸਾਰੇ ਬਰਾਬਰ ਹੁੰਦੇ ਹਨ।
2. ਇਹਨਾਂ ਅਧਿਕਾਰਾਂ ਸਬੰਧੀ ਕਿਸੇ ਨਾਲ ਵੀ ਨਸਲ, ਰੰਗ, Çਲੰਗ, ਭਾਸ਼ਾ, ਧਰਮ, ਰਾਜਨੀਤਿਕ ਜਾਂ ਕੋਈ ਹੋਰ ਵਿਚਾਰ, ਰਾਸ਼ਟਰੀ ਜਾਂ ਸਮਾਜਿਕ ਸੰਬੰਧ, ਸੰਪਤੀ, ਜਨਮ ਜਾਂ ਕਿਸੇ ਹੋਰ ਰੁਤਬੇ ਦੇ ਅਧਾਰ ’ਤੇ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ।
3. ਕਿਸੇ ਵਿਅਕਤੀ ਨੂੰ ਤਸੀਹੇ ਜਾਂ ਅਣਨੁੱਖੀ, ਅਪਮਾਨਜਨਕ ਵਿਹਾਰ ਨਹੀਂ ਕੀਤਾ ਜਾਵੇਗਾ।
4. ਕਾਨੂੰਨ ਦੇ ਸਾਹਮਣੇ ਸਭ ਸਮਾਨ ਹਨ ਤੇ ਬਿਨਾਂ ਕਿਸੇ ਵਿਤਕਰੇ ਦੇ ਸਾਰਿਆਂ ਨੂੰ ਕਾਨੂੰਨ ਅਧਿਕਾਰ ਪ੍ਰਾਪਤ ਹਨ।
5. ਵਿਅਕਤੀਆਂ ਨੂੰ ਆਪਣੇ ਦੇਸ਼ ਦੇ ਸੰਵਿਧਾਨ ਦੁਆਰਾ ਜੋ ਮੌਲਿਕ ਅਧਿਕਾਰ ਮਿਲੇ ਹਨ ਉਹ ਉਹਨਾਂ ਦੇ ਹੱਕਦਾਰ ਹਨ।
6. ਕਿਸੇ ਵਿਅਕਤੀ ਨੂੰ ਮਨਮਰਜ਼ੀ ਨਾਲ ਗਿ੍ਰਫ਼ਤਾਰ ਜਾਂ ਨਜ਼ਰਬੰਦ, ਜਾਂ ਦੇਸ਼ ਨਿਕਾਲਾ ਨਹੀ ਦਿੱਤਾ ਜਾਵੇਗਾ।
7. ਸਾਰੇ ਵਿਅਕਤੀਆਂ ਨੂੰ ਸਮਾਨ ਰੂਪ ’ਚ ਨਿਆਂਪ੍ਰਪਤ ਕਰਨ ਦਾ ਅਧਿਕਾਰ ਹੋਵੇਗਾ।
8. ਕਿਸੇ ਵਿਅਕਤੀ ਦੇ ਵਿਅਕਤੀਗਤ, ਪਰਿਵਾਰ, ਘਰ ਵਿੱਚ ਗ਼ੈਰ-ਕਾਨੂੰਨੀ ਦਖ਼ਲ-ਅੰਦਾਜ਼ੀ ਨਹੀਂ ਕੀਤੀ ਜਾਵੇਗੀ
9. ਹਰੇਕ ਵਿਅਕਤੀ ਨੂੰ ਆਪਣੇ ਰਾਜ ਦੀਆਂ ਸੀਮਾਵਾਂ ਅੰਦਰ ਫਿਰਨ ਤੁਰਨ ਅਤੇ ਰਹਿਣ ਦਾ ਅਧਿਕਾਰ ਹੋਵੇਗਾ।
10. ਹਰ ਇਕ ਪੁਰਖ ਤੇ ਇਸਤਰੀਆਂ ਨੂੰ ਨਸਲ, ਜਾਂ ਧਰਮ ਤੋਂ ਸੁਤੰਤਰ ਵਿਆਹ ਕਰਨ ਦਾ ਅਧਿਕਾਰ ਪ੍ਰਾਪਤ ਹੋਵੇਗਾ।
11. ਹਰੇਕ ਵਿਅਕਤੀ ਨੂੰ ਵਿਚਾਰ, ਜ਼ਮੀਰ ਅਤੇ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਪ੍ਰਾਪਤ ਹੋਵੇਗਾ।
12. ਹਰੇਕ ਵਿਅਕਤੀ ਨੂੰ ਸ਼ਾਂਤਮਈ ਢੰਗ ਨਾਲ ਸਭਾ ਕਰਨ ਅਤੇ ਸਮੁਦਾਇ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ।
13. ਹਰੇਕ ਵਿਅਕਤੀ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਸਮਾਨ ਅਧਿਕਾਰ ਹੋਵੇਗਾ।
14. ਹਰੇਕ ਵਿਅਕਤੀ ਨੂੰ ਸਮਾਜ ਦੀਆਂ ਕਲਾਤਮਕ ਤੇ ਵਿਗਿਆਨਕ ਪ੍ਰਾਪਤੀਆਂ ਤੋਂ ਲਾਭ ਪ੍ਰਾਪਤ ਕਰਨ ਦਾ ਹੱਕ ਹੈ।
15. ਹਰੇਕ ਵਿਅਕਤੀ ਨੂੰ ਕੰਮ ਕਰਨ ਦਾ ਅਧਿਕਾਰ ਤੇ ਉਚਿਤ ਵੇਤਨ ਲੈਣ ਦਾ ਅਧਿਕਾਰ ਪ੍ਰਾਪਤ ਹੈ।
16. ਮਾਤਾਵਾਂ ਅਤੇ ਬੱਚੇ ਵਿਸ਼ੇਸ਼ ਦੇਖ-ਭਾਲ ਅਤੇ ਸਹਾਇਤਾ ਦੇ ਹੱਕਦਾਰ ਹਨ। ਨਜਾਇਜ਼ ਬੱਚਿਆਂ ਸਮੇਤ ਸਾਰੇ ਬੱਚਿਆਂ ਨੂੰ ਸਮਾਨ ਸੁਰੱਖਿਆ ਪ੍ਰਾਪਤ ਹੋਣੀ ਚਾਹੀਦੀ ਹੈ।
17. ਸਰਕਾਰ ਦੀ ਸੱਤਾ ਦਾ ਅਧਾਰ ਲੋਕਾਂ ਦੀ ਇੱਛਾ ਹੋਵੇਗੀ। ਇਸ ਇੱਛਾ ਦਾ ਪ੍ਰਗਟਾਵਾ ਨਿਯਤਕਾਲੀ ਚੋਣਾਂ ਦੁਆਰਾ ਕੀਤਾ ਜਾਵੇਗਾ। ਕਿਸੇ ਵਿਅਕਤੀ ਨੂੰ ਕਿਸੇ ਵੀ ਅਧਾਰ ’ਤੇ ਮੱਤ ਦਾਨ ਦੇ ਅਧਿਕਾਰ ਤੋਂ ਵੰਚਿਤ ਰੱਖਿਆ ਜਾਵੇਗਾ।
ਇਸ ਤਰਾਂ ਦੇ ਚਾਰਟਰ ਵਿਚ 13 ਤਰਾਂ ਦੇ ਹੋਰ ਵੀ ਅਧਿਕਾਰ ਹਨ।
ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਦਸ਼ਾ?
ਭਾਰਤੀ ਸੰਵਿਧਾਨ ਵਿੱਚ ਵੀ ਯੂ. ਐਨ. ਓ.ਦੀ ਰੋਸ਼ਨੀ ਵਿਚ ਹੇਠ ਲਿਖੇ ਮਨੁੱਖੀ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਹੈ। ਜਿਵੇ ਕਿ-ਅਨੁਛੇਦ 14 ਰਾਂਹੀ ਕਨੂੰਨ ਸਾਹਮਣੇ ਸਭ ਨੂੰ ਬਰਾਬਰ ਅਧਿਕਾਰ, ਅਨੁਛੇਦ 15 ਰਾਹੀਂ ਬਰਾਬਰ ਮੌਕੇ, ਅਨੁਛੇਦ 17 ਰਾਹੀਂ ਛੂਤ ਛਾਤ ਨੂੰ ਖਤਮ ਕੀਤਾ ਗਿਆ ਹੈ। ਅਨੁਛੇਦ 19 ਰਾਹੀਂ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ, 23 (1) ਰਾਹੀਂ ਵਗਾਰ ਪ੍ਰਥਾ ਖ਼ਤਮ ਕੀਤੀ ਗਈ ਹੈ, ਅਨੁਛੇਦ 29 ਰਾਹੀਂ ਧਾਰਮਿਕ ਘੱਟ ਗਿਣਤੀਆਂ ਦੀ ਰੱਖਿਆ, ਅਨੁਛੇਦ 30 ਰਾਹੀਂ ਧਾਰਮਿਕ ਘੱਟ ਗਿਣਤੀਆਂ ਨੂੰ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਿੱਦਿਅਕ ਅਦਾਰੇ ਖੋਲਣ ਦਾ ਅਧਿਕਾਰ ਦਿੱਤਾ ਗਿਆ।
ਦੇਸ਼ ਅੱਜ ਆਪਾ-ਧਾਪੀ, ਹਫੜਾ-ਦਫੜੀ ਜਿਹੇ ਹਾਲਾਤਾਂ ’ਚੋਂ ਗੁਜ਼ਰ ਰਿਹਾ ਹੈ। ਪਿੱਛਲੇ ਦਿਨੀ ਕਾਵੜ ਯਾਤਰਾਂ ਮੌਕੇ ਉਤਰ-ਪ੍ਰਦੇਸ਼ ਅਤੇ ਉਤਰਾ-ਖੰਡ ਦੀਆਂ ਭਾਜਪਾ ਸਰਕਾਰਾਂ ਨੇ ਇੱਕ ਫ਼ਿਰਕੂ ਹੁਕਮ ਪਾਸ ਕੀਤਾ, ਜਿਸ ਤਹਿਤ ਕਾਂਵੜ ਯਾਤਰਾ ਦੇ ਰਾਹ ਵਿੱਚ ਪੈਣ ਵਾਲੇ ਸਾਰੇ ਸ਼ਹਿਰਾਂ ਦੇ ਦੁਕਾਨਦਾਰਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਆਪਣੀਆਂ ਦੁਕਾਨਾਂ ’ਤੇ ਵੱਡੇ-ਵੱਡੇ ਬੋਰਡ ਲਗਾ ਕੇ ਦੁਕਾਨ-ਮਾਲਕਾਂ ਦੇ ਨਾਮ ਲਿਖਣ ਤਾਂ ਜੋ ਸਮਾਨ ਖਰੀਦਣ ਵਾਲੇ ਨੂੰ ਇਹ ਸਾਫ਼ ਪਤਾ ਲੱਗ ਜਾਵੇ ਕਿ ਦੁਕਾਨਦਾਰ ਕੌਣ ਹੈ, ਹਿੰਦੂ ਹੈ ਜਾਂ ਮੁਸਲਮਾਨ ਜਾਂ ਦਲਿਤ। ਇਸ ਦਾ ਸਿੱਟਾ ਦਲਿਤਾਂ ਤੇ ਮੁਸਲਮਾਨਾਂ ਦੇ ਕਾਰੋਬਾਰ ਬੰਦ ਕਰਵਾਉਣ ਵਿੱਚ ਨਿਕਲੇਗਾ।
ਦੇਸ਼ ਵਿੱਚ ਜਗ੍ਹਾ-ਜਗ੍ਹਾ ਲਿੰਚਿੰਗ ਦੀਆਂ ਘਟਨਾਵਾਂ ਹੋ ਰਹੀਆਂ ਹਨ। ਮਨੀਪੁਰ ’ਚ ਔਰਤਾਂ ਦੀ ਨਗਨ ਪ੍ਰੇਡ ਕਰਵਾਈ ਗਈ। ਭਾਰਤੀ ਸੰਵਿਧਾਨ ਵਿੱਚ ਮਨ-ਚਾਹਿਆ ਕੰਮ ਤੇ ਵਪਾਰ ਕਰਨ ਦੇ ਬੁਨਿਆਦੀ ਅਧਿਕਾਰ ਦੇ ਵੀ ਵਿਰੁੱਧ ਹੈ। ਪਿੱਛਲੇ ਦਿਨੀ ਮਾਨਯੋਗ ਸੁਪਰੀਮਕੋਰਟ ਨੇ ਯੂ ਪੀ ਤੇ ਦੇਸ਼ ਦੇ ਹੋਰ ਸੂਬਿਆਂ ਵਿਚ ਸੰਵਿਧਾਨਕ ਅਧਿਕਾਰਾਂ ਤੇ ਕਨੂੰਨੀ ਪ੍ਰਕਿਰਿਆਂ ਨੂੰ ਲਾਂਭੇ ਰੱਖਕੇ ਚਲਾਏ ਜਾ ਰਹੇ ਵਲਡੋਜ਼ਰ ’ਤੇ ਸਖ਼ਤ ਚਿੰਤਾ ਜਤਾਈ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਸ਼ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।
ਕਿਉਕਿ ਭਾਰਤ 28 ਰਾਜਾਂ, 7 ਕੇਂਦਰ ਸ਼ਾਸ਼ਤ ਪ੍ਰਦੇਸ਼ਾਂ, 22 ਰਾਸ਼ਟਰੀ ਮਾਨਤਾ ਪ੍ਰਾਪਤ ਤੇ ਹੋਰ 187 ਭਾਸ਼ਾਵਾਂ ਬੋਲੀਆਂ, 6 ਲੱਖ ਪਿੰਡਾਂ, ਚਾਰ ਹਜ਼ਾਰ ਤੋਂ ਵੱਧ ਸ਼ਹਿਰਾਂ ਤੇ ਕਸਬਿਆਂ ਵਿੱਚ ਫੈਲਿਆ 125 ਕਰੋੜ ਜੰਨਸੰਖਿਆ, ਜਿਸ ਵਿਚ ਮੁਸਲਿਮ, ਸਿੱਖ, ਬੋਧੀ, ਜੈਨੀ, ਇਸਾਈ, ਪਾਰਸੀ ਮਤਾਂ ਤੋਂ ਇਲਾਵਾ, 3747 ਪੱਛੜੀਆਂ, 1031 ਅਨੁਸੂਚਿਤ ਜਾਤੀਆਂ, 400 ਕਬੀਲਿਆ ਦਾ ਦੇਸ਼ ਹੈ। ਧਰਮ ਪੱਖੋਂ ਹਿਮਾਲਿਆ ਖੇਤਰਾਂ ਵਿਚ ਬੋਧੀ, ਗੁਜਰਾਤ ’ਚ ਜੈਨੀ, ਪੰਜਾਬ ’ੱਚ ਸਿੱਖ, ਅਸਾਮ ’ਚ ਇਸਾਈ, ਕਸ਼ਮੀਰ ਤੇ ਤਿਲਗਾਨਾ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਲੋਕ ਰਹਿੰਦੇ ਹਨ, ਜੋ ਹਿੰਦੂ ਧਰਮ ’ਚ ਆਸਥਾ ਨਹੀਂ ਰੱਖਦੇ। ਇਹ ਸਭ ਲੋਕ ਅੱਜ ਭੈਅ ਭੀਤ ਹਨ। ਇਹਨਾਂ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਕਾਨੂੰਨੀ ਯਤਨ ਜਰੂਰੀ ਹਨ।
ਪਿੱਛਲੇ ਸਮੇਂ ਤੋਂ ਲਗਾਤਾਰ ਰੂਸ ਤੇ ਯੂਕਰੀਨ, ਇਸਰਾਈਲ ਤੇ ਫ਼ਲਸਤੀਨ ਵਿਚਕਾਰ ਚਲ ਰਹੀ ਲਗਾਤਾਰ ਜੰਗ ਦਰਮਿਆਨ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ, ਕਿੱਧਰੇ ਤੀਸਰੇ ਸੰਸਾਰ ਯੁੱਧ ਵਿਚ ਨਾ ਬਦਲ ਜਾਵੇ, ਇਸ ਲਈ ਸ਼ਾਂਤੀ ਦੇ ਯਤਨ ਜਾਰੀ ਰਹਿਣੇ ਚਾਹੀਦੇ ਹਨ।
ਐਸ ਐਲ ਵਿਰਦੀ ਐਡਵੋਕੇਟ