‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ
ਚਾਰ ਮੂਏ ਤੋਂ ਕਿਆ ਹੂਆ, ਜੀਵਤ ਕਈ ਹਜਾਰ’
ਇਹ ਪੰਕਤੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਮ ਸਿਦਕ , ਸਬਰ ,ਅਤੇ ਜਿਗਰੇ ਨੂੰ ਪ੍ਰਗਟਾਉਂਦੀਆਂ
ਹਨ ਜਦੋਂ ਚਮਕੌਰ ਦੀ ਗੜੀ ਅਤੇ ਸਰਹਿੰਦ ਦੇ ਸਾਰੇ ਸਾਕਿਆਂ ਪਿੱਛੋਂ ਉਹਨਾਂ ਦਾ ਮੇਲ ਗੁਰੂ ਮਹਿਲਾਵਾਂ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਨਾਲ ਉਹਨਾਂ ਦਾ ਮੇਲ ਹੋਇਆ। ਬੱਚਿਆਂ ਦੀ ਸੁੱਖ ਸਾਂਦ ਦੇ ਪ੍ਰਸ਼ਨ ਦੇ ਜਵਾਬ ਵਿੱਚ ਇਹ ਭਾਵ ਗੁਰੂ ਜੀ ਵੱਲੋਂ ਦਰਸਾਏ ਗਏ ਅਤੇ ਨਾਲ ਹੀ ਵਾਹਿਗੁਰੂ ਦੇ ਭਾਣੇ ਨੂੰ ਨਮਸਕਾਰ ਕਰਦਿਆਂ ਦਿਲਾਸਾ ਵੀ ਦਿੱਤਾ ਕਿ ਸਾਰਾ ਪੰਥ ਖਾਲਸਾ ਮੇਰਾ ਪਰਿਵਾਰ ਹੈ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਹਾਲੇ ਵੀ ਮੇਰੇ ਮਿਸ਼ਨ ਵਿੱਚ ਤਿਆਰ ਬਰਤਿਆਰ ਹੈ। ਇੱਥੇ ਇੱਕ ਪਾਸੇ ਮਾਂ ਦੀ ਮਮਤਾ ਅਤੇ ਪਰਿਵਾਰ ਵਿੱਚ ਸ਼ਹੀਦੀਆਂ ਦੇ ਦਰਦ ਅਤੇ ਚੀਸ ਦੀ ਇੰਤਹਾ ਸੀ, ਦੂਜੇ ਪਾਸੇ ਇੱਕ ਮਹਾਨ ਅਤੇ ਨਿੱਡਰ ਸੈਨਾਪਤੀ ਦੇ ਬੁਲੰਦ ਹੌਂਸਲੇ ਅਤੇ ਚੜ੍ਹਦੀ ਕਲਾ ਦਾ ਸਿਖ਼ਰ ਹੈ। ਇਹ ਪੰਕਤੀਆਂ ਭਾਵੇਂ ਕਿ ਕਿਸੇ ਵੀ ਪ੍ਰਵਾਨਿਤ ਗ੍ਰੰਥ ਵਿੱਚ ਦਰਜ ਨਹੀਂ ਹਨ ਪਰ ਸ਼ਰਧਾ ਵੱਸ ਸੰਗਤਾਂ ਨੂੰ ਉਸ ਦ੍ਰਿਸ਼ ਦੇ ਹੂਬਹੂ ਦਰਸ਼ਨ ਕਰਵਾਉਣ ਦੀ ਸਮਰੱਥਾ ਰੱਖਦੀਆਂ ਹਨ , ਇਸ ਲਈ ਇੰਨੀਆਂ ਮਸ਼ਹੂਰ ਅਤੇ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਇੰਨੀਆਂ ਸਲਾਹੀਆਂ ਗਈਆਂ ਹਨ ਕਿ ਹਰ ਸਟੇਜ ਤੋਂ ਕਵੀ ,ਢਾਡੀ , ਕਥਾਕਾਰ ਅਤੇ ਬੁਲਾਰੇ ਇਸ ਨੂੰ ਬਹੁਤ ਸਤਿਕਾਰ ਨਾਲ ਵਰਤਦੇ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ “ਮੈ ਹੋ ਪਰਮ ਪੁਰਖ ਕੇ ਦਾਸਾ, ਦੇਖਨਿ ਆਯੋ ਜਗਤ ਤਮਾਸਾ”ਦੱਸਿਆ ਹੈ ਅਤੇ ਆਪਣੇ ਸਿੰਘਾਂ ਨੂੰ ਤਾਕੀਦ ਕੀਤੀ ਕਿ ” ਜੋ ਹਮ ਕੋ ਪਰਮੇਸੁਰ ਉਚਰਿ ਹੈ,ਤੇ ਸਭ ਨਰਕਿ ਕੁੰਡ ਮਹਿ ਪਰਿ ਹੈ”( ਬਚਿੱਤ੍ਰ ਨਾਟਕ)ਇਹ ਮੁੱਖਵਾਕ ਬਹੁਤ ਸਪਸ਼ਟ ਅਤੇ ਗੁਰੂ ਜੀ ਦੀ ਦੂਰ ਦ੍ਰਿਸ਼ਟੀ ਦੇ ਲਖਾਇਕ ਹਨ। ਪ੍ਰਮਾਤਮਾ ਦਾ ਦਾਸ ਕਹਿਣਾ ਮਤਲਬ ਆਮ ਲੋਕਾਂ ਵਰਗਾ, ਸਰੀਰਕ ਜਾਮੇ ਵਿੱਚ ਮਨੁੱਖ ( ਪਰਮ ਮਨੁੱਖ ਕਹਿ ਸਕਦੇ ਹਾਂ) ਸੰਸਾਰਿਕ, ਪਰਿਵਾਰਕ ਜੀਵਨ ਅਤੇ ਮੇਲ ਮਿਲਾਪ ਦਾ ਧਾਰਨੀ ਹੋਣਾ।
ਪਰ ਆਮ ਸੰਸਾਰੀ ਜੀਵ ਆਪਣੇ ਪਰਿਵਾਰਕ ਮੈਂਬਰਾਂ ਦੀ
ਮੌਤ ਵੇਲੇ ਭਾਵੁਕਤਾ ਵੱਸ ਦੁਖੀ ਹੋ ਕੇ ਰੋਂਦੇ ਕੁਰਲਾਉਂਦੇ , ਪਰਮਾਤਮਾ ਦੀ ਰਜ਼ਾ ਨੂੰ ਅਣਹੋਣੀ ਮੰਨਕੇ ਰੱਬ ਨਾਲ ਗਿਲਾ ਵੀ ਕਰਦੇ ਹਨ । ਉਹ ਮੌਤ ਨੂੰ ਪਰਿਵਾਰ ਨਾਲ ਧੱਕਾ, ਕਹਿਰ ਅਤੇ ਨੁਕਸਾਨਦੇਹ ਮੰਨਦੇ ਹਨ,ਮਾਨਸਿਕ ਅਤੇ ਆਰਥਿਕ ਸਦਮੇ ਨੂੰ ਹੰਢਾਉਂਦੇ ਹਨ। ਰਿਸ਼ਤੇਦਾਰ , ਦੋਸਤ ਅਤੇ ਸ਼ੁਭਚਿੰਤਕ ਦਿਲਾਸਾ ਦੇਣ ਲਈ ਪਰਿਵਾਰ ਨਾਲ ਹਮਦਰਦੀ ਭਰੀਆਂ ਗੱਲਾਂ ਅਤੇ ਪੁਰਾਣੀਆਂ ਗਾਥਾਵਾਂ ਸੁਣਾ ਕੇ ਮਨ ਹੌਲਾ ਕਰਦੇ ਹਨ।ਇਸ ਵਰਤਾਰੇ ਵਿੱਚ ਮਨ ਨੂੰ ਸ਼ਕਤੀ ਪ੍ਰਦਾਨ ਕਰਨ ਲਈ ” ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥”ਦੇ ਸੰਕਲਪ ਨੂੰ ਗੁਰੂ ਸਾਹਿਬ ਨੇ ਖੁੱਦ ਦੀ ਲਾਸਾਨੀ ਮਿਸਾਲ ਨਾਲ ਪੇਸ਼ ਕੀਤਾ।
ਦਸਮੇਸ਼ ਜੀ ਨੂੰ ਗੁਰੂ ਘਰ ਦੇ ਵਿਰਸੇ ਵਿੱਚ ਹੋਈਆਂ ਸਾਰੀਆਂ ਘਟਨਾਵਾਂ ਦਾ ਬਾਖੂਬੀ ਗਿਆਨ ਸੀ। ਛੇਵੇਂ ਗੁਰੂ ਅਤੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਮਾਲਾ ਜਪਣ ਵਾਲੇ ਭਗਤੀ ਮਾਰਗ ਦੇ ਨਾਲ ਸ਼ਕਤੀ ਦੀ ਪੁੱਠ ਵੀ ਚਾੜ੍ਹ ਦਿੱਤੀ ਸੀ।ਘੋੜੇ , ਹਥਿਆਰ , ਜੰਗੀ ਸਾਜੋਸਮਾਨ, ਸ਼ਾਹੀ ਜਲਾਲ,ਸ਼ਿਕਾਰ, ਅਤੇ ਸਰੀਰਕ ਤਾਕਤ ਵਰਗੇ ਨੁਕਤਿਆਂ ਨੂੰ ਬਹੁਤ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸੇ ਹੀ ਆਸ਼ੇ ਦੀ ਅਗਲੀ ਸਿਰਮੌਰ ਕੜੀ ‘ ਖਾਲਸਾ ਪੰਥ’ਦੀ ਸਿਰਜਣਾ ਸੀ ਜਿਸਨੂੰ ਦਸਮੇਸ਼ ਜੀ ਨੇ ਵਿਸਾਖੀ ਵਾਲੇ ਦਿਨ
ਸੰਨ 1699 ਈ. ਨੂੰ ਕਲਾਤਮਿਕ ਅਤੇ ਇਨਕਲਾਬੀ ਜਜ਼ਬੇ ਨਾਲ ਪੂਰਾ ਕੀਤਾ ਸੀ। ਸਮੂਹ ਖ਼ਾਲਸੇ ਲਈ ਖਾਸ
ਨਵੇਂ ਭਰੋਸੇ ਅਤੇ ਵਿਸ਼ਵਾਸਾਂ ਦੇ ਧਾਰਨੀ ਹੋਣਾ ਲਾਜ਼ਮੀ ਕਰਾਰ ਦਿੱਤਾ_
ਦਸਮੇਸ਼ ਗੁਰੂ ਨੇ ਸਿੰਘਾਂ ਨੂੰ ਆਖਿਆ,
ਅੱਜ ਤੋਂ ਸਭਦਾ ਪਿਛਲਾ ਧਰਮ ਨਾਸ ।
ਕੁਲ੍ਹ ,ਜਾਤੀ ਤੇ ਪਿਛਲੇ ਕਰਮ ਨਾਸ
ਵਹਿਮ, ਭਰਮ ਤੇ ਕਰਮ ਕਾਂਡ ਨਾਸ ।
ਪਿਤਰ,ਥਿਤੀਵਾਰ, ਮੱਸਿਆ, ਪੁੰਨਿਆ
ਰੁੱਤਾਂ ਦੀ ਪੂਜਾ, ਪਖੰਡ ਦਾ ਨਾਸ ।
ਖਾਲਸਾ ਮੇਰੇ ਰੂਪ ਹੈ ਖਾਸ
ਖਾਲਸੇ ਮੇਂ ਹਮ ਕਰੇਂ ਨਿਵਾਸ।
ਅਗਨੀ,ਹਵਾ,ਪਾਣੀ,ਕਬਰ , ਦਿਸ਼ਾ
ਕੱਪੜੇ ਦੇ ਰੰਗਾਂ ਦੇ ਵਹਿਮ ਦਾ ਨਾਸ ।
ਹੱਕ ਪਰਾਇਆ ਪਾਪ, ਹਰਾਮ ਤੇ ਮੁਰਦਾਰ
ਕਿਸਮਤ ਨਹੀਂ, ਕਿਰਤ ਵਿੱਚ ਵਿਸ਼ਵਾਸ।
ਮਾਨਸ ਕੀ ਜਾਤ ਦੇ, ਏਕੇ ‘ਤੇ ਕਦਰ,
ਔਰਤ ਦੀ ਇੱਜ਼ਤ, ਬਰਾਬਰੀ ਦਾ ਵਿਕਾਸ।
ਸੰਗਤ ਵਿੱਚ ਸੰਵਾਦ, ਪੰਗਤ ਵਿੱਚ ਸਾਂਝ
ਹਉਮੈ, ਹੈਂਕੜ ਨਹੀਂ , ਬਸ ਗੁਰ ਕਾ ਦਾਸ ।
ਸਿੱਖ ਸਿੱਖੇ ਬਣੇ ਗਿਆਨੀ ਤੇ ਸੰਤ
ਜ਼ਾਲਮ ਲਈ ਪਹਿਨੇ ਯੋਧਾ-ਲਿਬਾਸ।
ਜੋ ਪਾਵੇ ਦਾਤ , ਅਮਾਨਤ ਉਸ ਦਾਤੇ ਦੀ,
ਉਹ ਵਾਪਸ ਲਵੇ , ਨਹੀਂ ਹੋਣਾ ਉਦਾਸ।
ਨਾ ਡਰੇ, ਨਾ ਡਰਾਵੇ ਹਰ ਮੌਕੇ ਬਸ ਇੱਕੋ ,
ਯਾਰੜੇ ਦੇ ਸ਼ੁਕਰ ਵਿੱਚ, ਧਰੇ ਧਰਵਾਸ।
ਇੱਕ ਹੋਰ ਲਾਮਿਸਾਲ ਅਤੇ ਜੱਗੋਂ ਬਾਹਰਾ ਕਾਰਨਾਮਾ ਗੁਰੂ ਜੀ ਨੇ ਕਰ ਦਿੱਤਾ ਕਿ ਗੁਰੂ ਨੇ ਬਾਣੀਆਂ ਦੇ ਪਾਠ ਕਰਦਿਆਂ ਅੰਮ੍ਰਿਤ ਰੂਪੀ ਖੰਡੇ ਦੀ ਪਾਹੁਲ ਆਪਣੇ ਪੰਜ ਪਿਆਰੇ ਸਿੰਘਾਂ ( ਜਿਹਨਾਂ ਵਿੱਚੋਂ ਚਾਰ ਕਥਿਤ ਨੀਵੀਆਂ ਜਾਤਾਂ ਵਿੱਚੋਂ ਸਨ) ਨੂੰ ਛਕਾਉਣ ਦੇ ਬਾਅਦ ਫਿਰ ਉਹਨਾਂ
ਕੋਲ਼ੋਂ ਖੁੱਦ ਝੋਲੀ ਫੈਲਾ ਕੇ ਅੰਮ੍ਰਿਤ ਦੀ ਦਾਤ ਮੰਗਕੇ ਗੁਰੂ ਚੇਲੇ ਦੀ ਯੁੱਗਾਂ ਤੋਂ ਚੱਲੀ ਆ ਰਹੀ ਪਿਰਤ ਨੂੰ ਹਮੇਸ਼ਾਂ ਲਈ
ਖਤਮ ਕਰ ਦਿੱਤਾ। ਇਹ ਕੌਤਕ ਦੇਖ ਕੇ ਸੰਗਤਾਂ ਅਸ਼ ਅਸ਼ ਕਰ ਉੱਠੀਆਂ।ਕਿਹਾ ਜਾਂਦਾ ਹੈ ਕਿ ਕਈ ਡਰਾਕਲਾਂ ਨੇ ਤਾਂ ਮਾਤਾ ਗੁਜਰੀ ਜੀ ਕੋਲ ਜਾ ਕੇ ਗੁਰੂ ਗੋਬਿੰਦ ਜੀ ਦੇ ਵਰਤਾਰੇ ਦੀ ਸ਼ਿਕਾਇਤ ਵੀ ਕੀਤੀ। ਸਮਕਾਲੀਨ ਧਾਰਮਿਕ ਪਰੰਪਰਾਵਾਂ ਲਈ ਇਹ ਡਰਾਉਣ ਵਾਲੀ ਘਟਨਾ ਸੀ। ਪਰ ਗ਼ੁਲਾਮੀ ਦੀ ਜੂਨ ਹੰਢਾ ਰਹੇ ਗਰੀਬ , ਨਿਤਾਣੇ ਅਤੇ ਲਤਾੜੇ ਜਾ ਰਹੇ ਆਮ ਲੋਕਾਂ ਅਤੇ ਉਸ ਵੇਲੇ ਦੇ ਸਿੱਖਾਂ ਲਈ ਇਹ ਅਣਖ, ਜੋਸ਼,ਹੌਂਸਲੇ ਅਤੇ ਮੁਕਤੀ ਦਾ ਰਾਹ ਸੀ।
ਮੌਤ ਤੋਂ ਵੀ ਬਦਤਰ ਜੀਵਨ ਹੰਢਾਉਣ ਵਾਲੇ ਅਤੇ ਗੁਰੂ ਦੀ ਗਲਵੱਕੜੀ ਲੋਚਦੀ ਬਹੁਗਿਣਤੀ ਲੋਕਾਂ ਨੇ ਸਵੈਮਾਣ ਅਤੇ ਨਿਸਚੇ ਨਾਲ ਹਕੂਮਤ ਖ਼ਿਲਾਫ਼ ਰੋਹ ਦੀ ਗੁੜ੍ਹਤੀ ਨੂੰ ਚੱਖਿਆ ਤਾਂ ਉਹਨਾਂ ਵਿਚਾਰੀਆਂ ਕੀੜੀਆਂ ਅਤੇ ਚਿੜੀਆਂ ਵਰਗੀਆਂ ਸੋਚਾਂ ਨੂੰ ਹਾਥੀਆਂ ਅਤੇ ਬਾਜਾਂ ਵਰਗੇ ਜਿਗਰੇ ਮਿਲ ਗਏ। ਆਪਣੇ ਖਾਲਸੇ ਪ੍ਰਤੀ ਪ੍ਰੇਮ ਲਗਾਉ, ਅਤੇ ਮੋਹ ਨੂੰ ਦਸਮ ਗਰੰਥ ਵਿੱਚ ( ਖਾਲਸਾ ਮਹਿਮਾ) ਇਸ ਤਰਾਂ ਬਿਆਨਿਆ ਗਿਆ ਹੈ –
ਸ੍ਵੈਯਾ ॥ਪਾਤਸ਼ਾਹੀ ੧੦
ਜੁੱਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥
ਅਘ ਅਉਘ ਟਰੈ ਇਨਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ ॥
ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ ॥
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੇ ਗਰੀਬ ਕਰੋਰ ਪਰੇ ॥੨॥
ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।।
ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ ॥
ਆਗੈ ਫਲੈ ਇਨਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ ॥
ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਹੀ ਇਨਹੀ ਕੋ ॥੩॥
ਇਹ ਹੈ ਕਲਗ਼ੀਆਂ ਵਾਲੇ ਸੰਤ ਸਿਪਾਹੀ ਗੁਰੂ ਜੀ ਦੀ ਖਾਲਸੇ ਨੂੰ ਦੁਨੀਆਂ ਵਿੱਚ ਨਿਆਰੀ ਕੌਮ ਸਾਜਣ ਦੀ ਅਲੌਕਿਕ ਫਿਲਾਸਫੀ। ਇਸ ਦਾ ਮੁੱਢ ਭਾਵੇਂ ਬਰਾਬਰੀ ਵਾਲੇ ” ਵੰਡ ਛੱਕਣ” ਦੇ ਸਿਧਾਂਤ ਰਾਹੀਂ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਬੰਨ ਦਿੱਤਾ ਸੀ ਪਰ ਇੱਕ ਅਨੁਸ਼ਾਸਿਤ ਸੰਸਥਾ( ਫੌਜ) ਜੋ ਖਾਲਸੇ ਦੇ ਲੋਕਤੰਤਰੀ ਅਤੇ ਸਮੂਹਿਕ ਬੁੱਧੀ ਵਾਲੇ ਸੰਵਿਧਾਨ ਰਾਹੀਂ ਜੇਤੂ ਬਣਾ ਕੇ ਕਾਮਯਾਬ ਸਾਬਤ ਕਰ ਦਿੱਤਾ। ਹਰ ਜਬਰ ਅਤੇ ਧੱਕੇ ਖਿਲਾਫ ਅੜਨ ਅਤੇ ਲੜਨ ਵਾਲੇ ਆਸ਼ੇ ਨੇ ਹੀ ਅੱਗੇ ਜਾ ਕੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੇ ਸੁਪਨੇ ਨੂੰ ਬਾਖੂਬੀ
ਪੂਰਾ ਕੀਤਾ। ਮਹਾਨ ਗੁਰੂ ਦੇ ਨਿੱਜੀ ਪਰਿਵਾਰ ਦੀਆਂ ਸੱਤ ਸ਼ਹੀਦੀਆਂ ਹੋਈਆਂ। ਉਹਨਾਂ ਦੇ ਸਮਾਜਿਕ ਪੱਖੀ ਫ਼ਲਸਫ਼ੇ ਨੂੰ ਦੇਖਦਿਆਂ ਹਰ ਧਰਮ ਦੇ ਪੈਰੋਕਾਰਾਂ ਨੇ ਉਹਨਾਂ ਪ੍ਰਤੀ ਸ਼ਰਧਾ ਅਤੇ ਭਰੋਸਾ ਦਿਖਾਇਆ। ਭਾਵੇਂ ਪੀਰ ਬੁੱਧੂਸ਼ਾਹ ਅਤੇ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਹੋਵੇ, ਭਾਵੇਂ ਦੀਵਾਨ ਟੋਡਰ ਮੱਲ ਜੀ ਅਤੇ ਮੋਤੀ ਰਾਮ ਮਹਿਰਾ ਜੀ ਹੋਣ। ਪਰ ਵਿਰੋਧੀਆਂ ਵਿੱਚ ਪਹਾੜੀ ਹਿੰਦੂ ਰਾਜੇ ਅਤੇ ਗੰਗੂ ਬ੍ਰਾਹਮਣ ਵਰਗੇ ਸਨ। ਉਹਨਾਂ ਦੁਆਰਾ ਬਖਸ਼ੀ ਚੜ੍ਹਦੀ ਕਲਾ ਦੇ ਬੋਲ ਬਾਲੇ ਸਦਕਾ ਦੁਨੀਆਂ ਵਿੱਚ ਸਿੱਖ
ਧਰਮ ਨੂੰ ਅਦਬ ਸਤਿਕਾਰ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਵਜੋਂ ਮਾਨਤਾ ਮਿਲ ਰਹੀ ਹੈ। ਹਰ ਦਸੰਬਰ ਮਹੀਨੇ ਦੇ ਦੂਜੇ ਪੰਦਰਵਾੜੇ ਵਿੱਚ ਸਾਰੀ ਨਾਨਕ ਨਾਮ ਸੰਗਤ ਚਮਕੌਰ ਸਾਹਿਬ ਅਤੇ ਸਰਹਿੰਦ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਵੀ ਪੇਸ਼ ਕਰਦੀ ਹੈ ਅਤੇ ਅਕੀਦਤ ਰਾਹੀਂ ਨਵਾਂ ਜੋਸ਼ ਵੀ ਹਾਸਲ ਕਰਦੀ ਹੈ।
ਕੇਵਲ ਸਿੰਘ ਰੱਤੜਾ