ਲੁਧਿਆਣਾ/ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ‘ਚ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹਾਈਕੋਰਟ ਵਲੋਂ ਤਿੰਨ ਘੰਟਿਆਂ ਲਈ ਪੈਰੋਲ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਹ ਅੱਜ ਪੈਰੋਲ ‘ਤੇ ਬਾਹਰ ਆਏ ਹਨ। ਜਿਥੇ ਉਹ ਆਪਣੇ ਜੱਦੀ ਪਿੰਡ ਰਾਜੋਆਣਾ ਕਲਾਂ ‘ਚ ਆਪਣੇ ਵੱਡੇ ਭਰਾ ਦੇ ਭੋਗ ਤੇ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਪੁੱਜੇ ਹਨ।
ਇਸ ਦੌਰਾਨ ਉਨ੍ਹਾਂ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਲਿਆਂਦਾ ਗਿਆ ਹੈ ਤੇ ਪੁਲਿਸ ਵਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਦੀ ਪੈਰੋਲ ਕਾਰਨ ਸੁਰੱਖਿਆ ਨੂੰ ਲੈਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੈਰੋਲ ਦਾ ਸਮਾਂ 11 ਤੋਂ 2 ਵਜੇ ਤੱਕ ਦਾ ਹੈ, ਜਿਸ ਕਾਰਨ ਉਸ ਪੈਰਾਮੀਟਰ ਅਨੁਸਾਰ ਪ੍ਰਬੰਧ ਕੀਤੇ ਗਏ ਹਨ।
ਬਲਵੰਤ ਸਿੰਘ ਰਾਜੋਆਣਾ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲ ਸਮੇਂ ਵਿਚ ਆਪਸੀ ਝਗੜਿਆਂ ਕਾਰਣ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ਉਹਨਾਂ ਕਿਹਾ ਕਿ ਉਹ ਬੁਲਾਰੇ ਨਹੀਂ ਹਨ ਤੇ ਉਹਨਾਂ ਨੂੰ ਭਾਸ਼ਣ ਦੇਣਾ ਨਹੀਂ ਆਉਂਦਾ ਪਰ ਜੋ ਗੱਲਾਂ ਮੇਰੇ ਦਿਲ ਵਿਚ ਹਨ, ਉਹ ਮੈਂ ਜ਼ਰੂਰ ਕਰਾਂਗਾ। ਉਹਨਾਂ ਕਿਹਾ ਕਿ ਜੇਕਰ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਣਗੀਆਂ ਤਾਂ ਸਾਡੇ ਨਾਲ ਬੇਇਨਸਾਫੀ ਹੁੰਦੀ ਰਹੇਗੀ।
ਉਹਨਾਂ ਕਿਹਾ ਕਿ 31 ਮਾਰਚ 2012 ਨੂੰ ਜਦੋਂ ਮੈਨੂੰ ਫਾਂਸੀ ਦੇ ਹੁਕਮ ਦਿੱਤੇ ਗਏ ਸਨ ਤਾਂ ਸਿੱਖ ਕੌਮ ਨੇ ਆਪਣੇ ਘਰਾਂ ’ਤੇ ਕੇਸਰੀ ਝੰਡੇ ਝੁਲਾਏ ਸਨ ਤੇ ਇਕਜੁੱਟ ਹੋ ਕੇ ਮੇਰੀ ਫਾਂਸੀ ਦੀ ਸਜ਼ਾ ਰੁਕਵਾਈ ਸੀ। ਉਹਨਾਂ ਕਿਹਾ ਕਿ ਅੱਜ 12 ਸਾਲ ਬੀਤਣ ’ਤੇ ਵੀ ਉਹਨਾਂ ਦੇ ਕੇਸ ਦਾ ਕੋਈ ਫੈਸਲਾ ਨਹੀਂ ਆਇਆ। ਉਹਨਾਂ ਕਿਹਾ ਕਿ ਉਹ ਇੰਨੇ ਸਾਲਾਂ ਤੋਂ ਫਾਂਸੀ ਦੀ ਚੱਕੀ ਵਿਚ ਬੰਦ ਹਨ ਪਰ ਕੇਸ ਦਾ ਫੈਸਲਾ ਹੀ ਨਹੀਂ ਲਿਆ ਜਾ ਰਿਹਾ। ਉਹਨਾਂ ਕਿਹਾ ਕਿ ਜੋ ਉਹਨਾਂ ਨੇ ਕੀਤਾ, ਉਹਨਾਂ ਨੇ ਅਦਾਲਤ ਵਿਚ ਉਹ ਸਵੀਕਾਰ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਫਾਂਸੀ ਦੀ ਸਜ਼ਾ ਖਿਲਾਫ ਕਦੇ ਕੋਈ ਅਪੀਲ ਨਹੀਂ ਕੀਤੀ। ਉਹਨਾਂ ਕਿਹਾ ਕਿ ਉਹ ਤਾਂ ਸਿਰਫ ਕੇਸ ’ਤੇ ਫੈਸਲੇ ਦੀ ਮੰਗ ਕਰ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਉਹਨਾਂ ਨੂੰ ਕਹਿ ਰਹੀ ਹੈ ਕਿ ਉਹ ਆਪਣਾ ਵਕੀਲ ਕਰ ਕੇ ਅਦਾਲਤ ਵਿਚ ਕੇਸ ਲੜਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜੇਕਰ ਭਾਈ ਬਲਵੰਤ ਸਿੰਘ ਨੇ ਕੌਮ ਦੀ ਇੰਨੀ ਸੇਵਾ ਨਾ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਇੰਨੀਆਂ ਮਸ਼ਹੂਰ ਹਸਤੀਆਂ ਨਾ ਪਹੁੰਚਦੀਆਂ। ਬਲਵੰਤ ਸਿੰਘ ਨੂੰ ਕਿਸੇ ਕਿਸਮ ਦੀ ਫਾਂਸੀ ਜਾਂ ਸਜ਼ਾ ਦਾ ਕੋਈ ਡਰ ਨਹੀਂ ਹੈ। ਅੱਜ ਬਲਵੰਤ ਸਿੰਘ ਨੂੰ ਸਿਰਫ਼ 3 ਘੰਟੇ ਦੀ ਪੈਰੋਲ ਮਿਲੀ ਹੈ ਪਰ ਦੂਜੇ ਪਾਸੇ ਗੁਰਮੀਤ ਰਾਮ ਰਹੀਮ ਨੂੰ ਹਰ ਰੋਜ਼ ਪੈਰੋਲ ਮਿਲ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਦੋਂ ਝੂਠੇ ਮੁਕਾਬਲੇ ਹੋ ਰਹੇ ਸੀ, ਜੇਕਰ ਬਲਵੰਤ ਸਿੰਘ ਰਾਜੋਆਣਾ ਨੇ ਉਸ ਸਮੇਂ ਆਵਾਜ਼ ਨਾ ਚੁੱਕੀ ਹੁੰਦੀ, ਤਾਂ ਸ਼ਾਇਦ ਅੱਜ ਮਾਹੌਲ ਕੁਝ ਹੋਰ ਹੁੰਦਾ। ਮੈਂ ਭਾਈ ਰਾਜੋਆਣਾ ਤੋਂ ਬੰਦੀ ਸਿੰਘ ਦਾ ਸਹੀ ਅਰਥ ਸਮਝ ਲਿਆ ਹੈ। ਪੁਲਿਸ ਨੇ ਉਨ੍ਹਾਂ ਨੂੰ ਬਹੁਤ ਤਸ਼ੱਦਦ ਕੀਤਾ, ਫਿਰ ਵੀ ਉਨ੍ਹਾਂ ਨੇ ਅਸਲੀ ਬੰਦੀ ਸਿੰਘ ਬਣ ਕੇ ਕੌਮ ਦੀ ਸੇਵਾ ਕੀਤੀ।
ਇਸ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭਤੀਜੇ ਨੇ ਕਿਹਾ ਕਿ ਉਹ ਪੇਰੋਲ ‘ਤੇ ਬਾਹਰ ਆ ਰਹੇ ਹਨ ਪਰ ਚੰਗਾ ਹੁੰਦਾ ਜੇ ਰਿਹਾਈ ‘ਤੇ ਬਾਹਰ ਆਉਂਦੇ। ਉਨ੍ਹਾਂ ਕਿਹਾ ਕਿ ਇਸ ਪੇਰੋਲ ਦੇ ਸਮੇਂ ਅਨੁਸਾਰ ਹੀ ਪ੍ਰੋਗਰਾਮ ਰੱਖੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੰਗ ਰੱਖੀ ਕਿ ਪਰਿਵਾਰ ਨੂੰ ਸਮਾਂ ਜ਼ਰੂਰ ਮਿਲਣਾ ਚਾਹੀਦਾ ਕਿ ਇਸ ਸਮਾਗਮ ਤੋਂ ਬਾਅਦ ਉਹ ਉਨ੍ਹਾਂ ਨਾਲ ਕੁਝ ਸਮਾਂ ਜ਼ਰੁਰ ਬੈਠ ਸਕਣ।
ਰਾਜੋਆਣਾ ਦੇ ਵੱਡੇ ਭਰਾ ਕੁਲਵੰਤ ਸਿੰਘ ਦਾ ਬੀਤੇ ਦਿਨੀਂ ਕੈਨੇਡਾ ਵਿੱਚ ਦਿਹਾਂਤ ਹੋ ਗਿਆ ਸੀ। ਕੁਲਵੰਤ ਸਿੰਘ ਆਪਣੇ ਪੁੱਤਰ ਨੂੰ ਮਿਲਣ ਲਈ ਕੈਨੇਡਾ ਦੇ ਵਿੰਨੀਪੈੱਗ ਗਏ ਸਨ। ਬੀਤੀ 4 ਨਵੰਬਰ ਨੂੰ ਉਥੇ ਉਨ੍ਹਾਂ ਨੂੰ ਆਪਣੇ ਘਰ ਵਿਚ ਹੀ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਇਸ ਭੋਗ ਤੇ ਅੰਤਿਮ ਅਰਦਾਸ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਮੈਂਬਰਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਸ਼ਾਮਲ ਹੋਏ ਹਨ।
ਕਾਬਿਲੇਗੌਰ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ 31 ਅਗਸਤ 1995 ਨੂੰ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ ਬੰਬ ਧਮਾਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕੇਸ ਵਿੱਚ ਸੀ.ਬੀ.ਆਈ ਅਦਾਲਤ ਨੇ 27 ਜੁਲਾਈ 2007 ਨੂੰ ਰਾਜੋਆਣਾ ਨੂੰ ਦੋਸ਼ੀ ਕਰਾਰ ਦੇ ਕੇ ਫਾਂਸੀ ਦੀ ਸਜ਼ਾ ਸੁਣਾਈ ਸੀ। ਜਿਸ ਨੂੰ ਕਿ ਬਾਅਦ ‘ਚ ਰੋਕ ਲਗਾ ਦਿੱਤੀ ਗਈ ਸੀ।