ਮੋਗਾ- ਗੋਲੀਆਂ ਮਾਰ ਕੇ ਦੋ ਭਰਾਵਾਂ ਨੂੰ ਜ਼ਖ਼ਮੀ ਕਰਨ ਵਾਲੇ ਮੁਲਜ਼ਮ ਸੁਨੀਲ ਕੁਮਾਰ ਉਰਫ ਬਾਬਾ ਨੂੰ ਮੋਗਾ ਪੁਲਿਸ ਨੇ ਬੀਤੇ ਦਿਨ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਸੀ। ਜਦੋਂ ਅੱਜ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਵਾਰਦਾਤ ਲਈ ਵਰਤੇ ਹਥਿਆਰ ਕਿੱਥੇ ਲੁਕਾਏ ਸਨ ਤਾਂ ਪੁਲਿਸ ਹਥਿਆਰਾਂ ਦੀ ਰਿਕਵਰੀ ਲਈ ਪਹੁੰਚੀ।
ਇਸ ਤੋਂ ਬਾਅਦ ਮੁਲਜ਼ਮ ਵੱਲੋਂ ਦੱਸੇ ਟਿਕਣੇ ਉੱਤੇ ਜਦੋਂ ਮੁਲਜ਼ਮ ਨੂੰ ਨਾਲ ਲੈਕੇ ਪੁਲਿਸ ਪਹੁੰਚੀ ਤਾਂ ਮੌਕਾ ਦੇਖ ਕੇ ਮੁਲਜ਼ਮ ਨੇ ਪੁਲਿਸ ਉੱਤੇ ਹੀ ਫਾਇਰਿੰਗ ਕਰ ਦਿੱਤੀ। ਅਜੇ ਗਾਂਧੀ ਐੱਸਐੱਸਪੀ ਦੇ ਦੱਸਣ ਮੁਤਾਬਿਕ ਸੁਨੀਲ ਕੁਮਾਰ ਉਰਫ ਬਾਬਾ ਵੱਲੋਂ ਕੀਤੀ ਫਾਇਰਿੰਗ ਤੋਂ ਬਚਦਿਆਂ ਪੁਲਿਸ ਮੁਲਾਜ਼ਮਾਂ ਨੇ ਮੁਸਤੈਦੀ ਵਿਖਾਈ ਅਤੇ ਆਪਣੇ ਬਚਾਅ ਲਈ ਮੁਲਜ਼ਮ ਉੱਤੇ ਫਾਇਰ ਕੀਤਾ। ਜਵਾਬੀ ਕਾਰਵਾਈ ਦੌਰਾਨ ਚੱਲੀ ਗੋਲ਼ੀ ਮੁਲਜ਼ਮ ਦੀ ਲੱਤ ਵਿੱਚ ਲੱਗੀ।
ਐੱਸਐੱਸਪੀ ਅਜੇ ਗਾਂਧੀ ਮੁਤਾਬਿਕ ਮੁਲਜ਼ਮ ਨੇ ਆਪਣੇ ਪਿਸਟਲ ਨਾਲ ਪੁਲਿਸ ਦੇ ਉੱਤੇ ਦੋ ਫਾਇਰ ਕੀਤੇ, ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਦੋ ਫਾਇਰ ਕੀਤੇ, ਜਿਸ ਵਿੱਚੋਂ ਇੱਕ ਫਾਇਰ ਮੁਲਜ਼ਮ ਦੀ ਸੱਜੀ ਲੱਤ ਵਿੱਚ ਲੱਗਾ, ਇਸ ਤੋਂ ਬਾਅਦ ਜ਼ਖ਼ਮੀ ਮੁਲਜ਼ਮ ਨੂੰ ਮੋਗਾ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਅਤੇ ਫਿਲਹਾਲ ਮੁਲਜ਼ਮ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਐੱਸਐੱਸਪੀ ਮੋਗਾ ਨੇ ਦੱਸਿਆ ਕਿ ਮੁਲਜ਼ਮ ਮੋਗਾ ਦਾ ਹੀ ਰਹਿਣ ਵਾਲਾ ਹੈ ਅਤੇ ਮੁਲਜ਼ਮ ਸੁਨੀਲ ਕੁਮਾਰ ਉਰਫ ਬਾਬਾ ਹਿਸਟਰੀ ਸ਼ੀਟਰ ਹੈ। ਇਸ ਦੇ ਉੱਤੇ ਪਹਿਲਾਂ ਵੀ 17 ਮਾਮਲੇ ਦਰਜ ਹਨ। ਤਾਜ਼ਾ ਮਾਮਲੇ ਵਿੱਚ ਇਹ ਦੋ ਭਰਾਵਾਂ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਿਆ ਸੀ। ਪੁਲਿਸ ਲਈ ਇਹ ਅੱਤ ਲੋੜੀਂਦਾ ਸੀ ਅਤੇ ਇਸ ਨੂੰ ਮੋਗਾ ਪੁਲਿਸ ਨੇ ਦੇਹਰਾਦੂਨ ਤੋਂ ਗ੍ਰਿਫ਼ਤਾਰ ਕਰਕੇ ਲਿਆਂਦਾ ਸੀ। ਐੱਸਐੱਸਪੀ ਨੇ ਅੱਗੇ ਕਿਹਾ ਕਿ ਇਸ ਮੁਲਜ਼ਮ ਦਾ ਕਿਸੇ ਗੈਂਗ ਨਾਲ ਸਬੰਧ ਹੈ ਜਾਂ ਨਹੀਂ ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਪੁੱਛਗਿੱਛ ਤੋਂ ਬਾਅਦ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ।