ਜਲੰਧਰ (ਪੂਜਾ ਸ਼ਰਮਾ) ਪਿਛਲੇ ਸਮੇਂ ਵਿੱਚ ਜਲੰਧਰ ਵੈਸਟ ਹਲਕੇ ਤੋਂ ਜਿਮਨੀ ਚੋਣਾਂ ਹੋਈਆਂ ਜਿਸ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਮਹਿੰਦਰ ਭਗਤ ਨੇ ਜਿੱਤ ਹਾਸਿਲ ਕੀਤੀ ਸੀ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ ਸ੍ਰੀ ਮਹਿੰਦਰ ਭਗਤ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ। ਸ੍ਰੀ ਮਹਿੰਦਰ ਭਗਤ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਇਆ ਅਜੇ ਇੱਕ ਹਫਤਾ ਵੀ ਨਹੀਂ ਹੋਇਆ ਕਿ ਅੱਜ ਜਲੰਧਰ ਵਿੱਚ ਨਿਊ ਥਿੰਦ ਇਨਕਲੇਵ, ਕੰਡੇ ਵਾਲੀ ਗਲੀ ਦੇ ਨਿਵਾਸੀਆਂ ਨੇ ਉਹਨਾਂ ਦੇ ਖਿਲਾਫ ਇੱਕ ਮੰਗ ਪੱਤਰ ਡੀਸੀ ਨੂੰ ਦਿੱਤਾ। ਇਸ ਮੰਗ ਪੱਤਰ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਲਿਖਤੀ ਤੌਰ ਤੇ ਦੋਸ਼ ਲਗਾਏ ਕਿ ਕਰੀਬ 10 ਸਾਲ ਪਹਿਲਾਂ ਬਣੀ ਇਸ ਕਲੋਨੀ ਵਿੱਚ 500 ਤੋਂ ਜਿਆਦਾ ਘਰ ਹਨ ਜਿੱਥੇ ਸੀਵਰੇਜ ਤੇ ਬਿਜਲੀ ਸਪਲਾਈ ਤਾਂ ਹੈ ਪਰ ਸੜਕਾਂ ਅਜੇ ਤੱਕ ਵੀ ਨਹੀਂ ਬਣਾਈਆਂ ਗਈਆਂ ਉਹਨਾਂ ਨੇ ਦੱਸਿਆ ਕਿ ਇਸ ਬਾਰੇ ਕਈ ਵਾਰੀ ਹਲਕੇ ਦੇ ਵਿਧਾਇਕ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਕਿਸੇ ਨੇ ਵੀ ਇਹਨਾਂ ਟੁੱਟੀਆਂ ਸੜਕਾਂ ਵੱਲ ਗੌਰ ਨਹੀਂ ਕੀਤਾ। ਇਸ ਤੋਂ ਇਲਾਵਾ ਇਸ ਕਲੋਨੀ ਵਿੱਚ ਕੋਈ ਸਟਰੀਟ ਲਾਈਟਾਂ ਵੀ ਨਹੀਂ ਹਨ ਜਿਸ ਕਰਕੇ ਮੁਹੱਲਾ ਨਿਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਨਿਵਾਸੀਆਂ ਨੇ ਕੈਬਨਟ ਮੰਤਰੀ ਬਣੇ ਸ੍ਰੀ ਮਹਿੰਦਰ ਭਗਤ ਦਾ ਸਖਤ ਵਿਰੋਧ ਕੀਤਾ ਅਤੇ ਇਹ ਚੇਤਾਵਨੀ ਦਿੱਤੀ ਕਿ ਅਗਰ ਆਉਣ ਵਾਲੇ ਦੋ ਦਿਨਾਂ ਵਿੱਚ ਮੰਤਰੀ ਸਾਹਿਬ ਵੱਲੋਂ ਕੋਈ ਭਰੋਸੇਯੋਗ ਹੱਲ ਨਾ ਕੱਢਿਆ ਗਿਆ ਤਾਂ ਉਹ ਮਿਤੀ 29 ਸਤੰਬਰ ਐਤਵਾਰ ਦੇ ਦਿਨ ਦੁਪਹਿਰ ਦੇ ਸਮੇਂ ਕਾਲਾ ਸੰਘਿਆ ਰੋਡ ਉੱਤੇ ਏਬੀ ਕੰਡੇ ਦੇ ਬਾਹਰ ਮੇਨ ਰੋਡ ਉੱਪਰ ਚੱਕਾ ਜਾਮ ਕਰਕੇ ਕੈਬਨਟ ਮੰਤਰੀ ਦਾ ਪੁਤਲਾ ਫੂਕਣਗੇ ਅਤੇ ਜੰਮ ਕੇ ਨਾਅਰੇਬਾਜ਼ੀ ਵੀ ਕਰਨਗੇ।
ਜ਼ਿਕਰਯੋਗ ਹੈ ਕਿ ਜਦੋਂ ਕੋਈ ਵੀ ਕੈਬਨਟ ਮੰਤਰੀ ਬਣਦਾ ਹੈ ਤਾਂ ਪਹਿਲਾ ਇੱਕ ਹਫਤਾ ਤਾਂ ਉਹਨਾਂ ਨੂੰ ਵਧਾਈਆਂ, ਮਿਠਿਆਈਆਂ ਜਾਂ ਫੁੱਲਾਂ ਦੇ ਗੁਲਦਸਤੇ ਹੀ ਮਿਲਦੇ ਹਨ ਪਰ ਇਸ ਤਰਾਂ ਦੀ ਚੇਤਾਵਨੀ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਹੈ। ਇਹ ਤਾਂ ਹੁਣ ਵਕਤ ਹੀ ਦੱਸੇਗਾ ਕਿ ਨਿਊ ਥਿੰਦ ਇਨਕਲੇਵ ਦੇ ਇਸ ਇਲਾਕੇ ਵਿੱਚ ਮੰਤਰੀ ਸਾਹਿਬ ਪਹਿਲਾਂ ਪਹੁੰਚਦੇ ਹਨ ਜਾਂ ਮੰਤਰੀ ਸਾਹਿਬ ਦਾ ਪੁਤਲਾ।