ਸੇਵਾ ਮੁਕਤ ਬੀਡੀਪੀਓ, ਪੰਚਾਇਤ ਅਫਸਰ ਤੇ ਪੰਚਾਇਤ ਸਕੱਤਰ ਸਣੇ ਚਾਰ ਜਣੇ ਗ੍ਰਿਫ਼ਤਾਰ

ਸੇਵਾ ਮੁਕਤ ਬੀਡੀਪੀਓ, ਪੰਚਾਇਤ ਅਫਸਰ ਤੇ ਪੰਚਾਇਤ ਸਕੱਤਰ ਸਣੇ ਚਾਰ ਜਣੇ ਗ੍ਰਿਫ਼ਤਾਰ

ਦੀਨਾਨਗਰ : ਸਾਲ 2022 ਦੇ ਇਕ ਮਾਮਲੇ ਵਿੱਚ ਦੀਨਾਨਗਰ ਬਲਾਕ ਦੀਆਂ ਤਿੰਨ ਗ੍ਰਾਮ ਪੰਚਾਇਤਾਂ ਦੇ ਫੰਡਾਂ ਵਿੱਚ ਹੋਏ ਗਬਨ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਸੇਵਾ ਮੁਕਤ ਬੀਡੀਪੀਓ, ਪੰਚਾਇਤ ਅਫਸਰ ਅਤੇ ਪੰਚਾਇਤ ਸਕੱਤਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

2022 ਵਿੱਚ ਕਰੀਬ ਦੋ ਸਾਲ ਪਹਿਲਾਂ ਸਾਹਮਣੇ ਆਏ ਇਸ ਮਾਮਲੇ ਵਿੱਚ ਬਲਾਕ ਵਿਕਾਸ ਪੰਚਾਇਤ ਦਫਤਰ ਦੀਨਾਨਗਰ ਵਿਖੇ ਤੈਨਾਤ ਤੱਤਕਾਲੀ ਬੀਡੀਪੀਓ ਸੁਰੇਸ਼ ਕੁਮਾਰ, ਜੋ ਕਿ ਹੁਣ ਸੇਵਾ ਮੁਕਤ ਹੋ ਚੁੱਕੇ ਹਨ, ਪੰਚਾਇਤ ਅਫਸਰ ਰਜੇਸ਼ ਕੁਮਾਰ ਅਤੇ ਪੰਚਾਇਤ ਸਕੱਤਰ ਲੱਕੀ ਠਾਕੁਰ ਉੱਪਰ ਦੋਸ਼ ਲੱਗੇ ਸਨ ਕਿ ਉਕਤ ਲੋਕਾਂ ਨੇ ਮਿਲੀਭੁਗਤ ਰਾਹੀਂ ਦੀਨਾਨਗਰ ਬਲਾਕ ਦੇ ਪਿੰਡਾਂ ਚੇਚੀਆਂ ਛੋੜੀਆਂ, ਛੋਟਾ ਬਿਆਨਪੁਰ ਅਤੇ ਦਲੇਲਪੁਰ ਦੀਆਂ ਪੰਚਾਇਤਾਂ ਦੇ ਖਾਤਿਆਂ ਚੋਂ ਬਿਨਾਂ ਗ੍ਰਾਮ ਪੰਚਾਇਤ ਦੇ ਮਤਿਆਂ ਦੇ ਪੰਚਾਇਤਾਂ ਦੀਆਂ ਡੋਂਗਲਾਂ ਦੀ ਗਲਤ ਵਰਤੋਂ ਕਰਦੇ ਹੋਏ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਦੇ ਕਰੀਬ ਪੌਣੇ ਨੌਂ ਲੱਖ ਰੁਪਏ ਗਲਤ ਢੰਗ ਨਾਲ ਕਢਵਾ ਲਏ ਹਨ, ਜੋ ਕਿ ਬਿਨਾਂ ਕੋਈ ਖਰੀਦੋ ਫਰੋਖਤ ਦੇ ਏਐਸ ਐਂਟਰਪ੍ਰਾਈਜਿਜ਼ ਨਾਂ ਦੀ ਫਰਮ ਦੇ ਖਾਤੇ ਵਿੱਚ ਪਾਏ ਗਏ ਹਨ।

ਪੜਤਾਲ ਮਗਰੋਂ ਹੁਣ ਵਿਜੀਲੈਂਸ ਬਿਊਰੋ ਵੱਲੋਂ ਸੇਵਾ ਮੁਕਤ ਬੀਡੀਪੀਓ ਸੁਰੇਸ਼ ਕੁਮਾਰ, ਹੁਸ਼ਿਆਰਪੁਰ ਦੇ ਭੁੰਗਾ ਬਲਾਕ ਵਿਖੇ ਤੈਨਾਤ ਪੰਚਾਇਤ ਅਫਸਰ ਰਜੇਸ਼ ਕੁਮਾਰ, ਹੁਸ਼ਿਆਰਪੁਰ ਦੇ ਬਲਾਕ ਟਾਂਡਾ ਵਿਖੇ ਤੈਨਾਤ ਪੰਚਾਇਤ ਸਕੱਤਰ ਲੱਕੀ ਠਾਕੁਰ ਅਤੇ ਏਐਸ ਇੰਟਰਪ੍ਰਾਈਜਿਜ ਜਿਸਦੇ ਖਾਤੇ ਵਿੱਚ ਗਬਨ ਦੀ ਉਕਤ ਸਾਰੀ ਰਕਮ ਭੇਜੀ ਗਈ ਸੀ, ਦੇ ਵੈਂਡਰ ਧੀਰਜ ਕੁਮਾਰ ਗਿੱਲ ਵਾਸੀ ਮੁਕੇਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Share: