ਪੰਜਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਦੀਆਂ ਸਰਟੀਫਿਕੇਟ ਫ਼ੀਸਾਂ ਨਾ ਲੈਣ ਦਾ ਫੈਸਲਾ

ਪੰਜਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਦੀਆਂ ਸਰਟੀਫਿਕੇਟ ਫ਼ੀਸਾਂ ਨਾ ਲੈਣ ਦਾ ਫੈਸਲਾ

ਐਸ ਏ ਐਸ ਨਗਰ (ਅਮ੍ਰਿਤਪਾਲ ਸਿੰਘ ਸਫ਼ਰੀ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਮੀਟਿੰਗ ਸਿੱਖਿਆ ਮੰਤਰੀ ਦੇ ਓ ਐਸ ਡੀ ਨਾਲ ਵਿਦਿਆ ਭਵਨ ਮੋਹਾਲੀ ਵਿਖੇ ਹੋਈ। ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਤੋਂ ਵਸੂਲੀਆਂ ਜਾ ਰਹੀਆਂ ਸਰਟੀਫਿਕੇਟ ਫ਼ੀਸਾਂ ਨਾ ਵਸੂਲਣ ਦਾ ਫੈਸਲਾ ਹੋਇਆ ਹੈ। ਇਸ ਸਬੰਧੀ ਸੋਮਵਾਰ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੋਰਟਲ ਨੂੰ ਫ਼ੀਸਾਂ ਨਾ ਲੈਣ ਸਬੰਧੀ ਅੱਪਡੇਟ ਕਰ ਦਿੱਤਾ ਜਾਵੇਗਾ। ਦਸਵੀਂ ਅਤੇ ਬਾਰ੍ਹਵੀਂ ਦੀਆਂ ਫੀਸਾਂ ਦੀਆਂ ਦਰਾਂ ਵੀ ਪਿਛਲੇ ਸਾਲ ਵਾਲੀਆਂ ਰੱਖਣ ਅਤੇ ਪ੍ਰੈਕਟੀਕਲ ਫੀਸਾਂ ਨੂੰ ਮੁੜ ਵਿਚਾਰਨ ਲਈ ਸਹਿਮਤੀ ਪ੍ਰਗਟ ਕੀਤੀ ਗਈ ਹੈ। ਕਿਤਾਬਾਂ ਸੈਸ਼ਨ ਦੇ ਸ਼ੁਰੂ ਵਿੱਚ ਭੇਜਣ ਲਈ ਹਰ ਸੰਭਵ ਉਪਰਾਲਾ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਦਾਇਤਾਂ ਜਾਰੀ ਕਰਨ ਤੱਕ ਅਧਿਆਪਕ ਸਰਟੀਫਿਕੇਟ ਫ਼ੀਸਾਂ ਜਮ੍ਹਾਂ ਨਾ ਕਰਵਾਉਣ। ਅਨੂਸੁਚਿਤ ਜਾਤੀ ਅਤੇ ਬੀ ਪੀ ਐਲ ਵਿਦਿਆਰਥੀਆਂ ਦੀ ਫੀਸ ਭਲਾਈ ਵਿਭਾਗ ਦੁਆਰਾ ਹੀ ਭਰਨ ਦੀ ਸਹਿਮਤੀ ਬਣੀ।
ਇਸ ਤੋਂ ਇਲਾਵਾ ਰਹਿੰਦੀਆਂ ਵਿਕਟੇਮਾਈਜੇਸ਼ਨਾਂ ਸਬੰਧੀ ਚਰਚਾ ਕੀਤੀ ਗਈ। ਜਿਸ ਵਿੱਚ ਊਧਮ ਸਿੰਘ ਲੈਕਚਰਾਰ, ਸੁਖਵਿੰਦਰ ਸਿੰਘ ਚਾਹਲ, ਦੀਦਾਰ ਮੁੱਕਦੀ,ਆਦਰਸ਼ ਸਕੂਲਾਂ ਦੇ ਵਿਨੀਤ ਕੁਮਾਰ, ਸ਼ਮਸ਼ੇਰ ਸਿੰਘ, ਸਰਿਤਾ ਕੁਮਾਰੀ ਆਦਿ ਦੀਆਂ ਵਿਕਟੇਮਾਈਜੇਸ਼ਨਾਂ ਹੱਲ ਕਰਨ ਸਬੰਧੀ ਭਰੋਸਾ ਦਿੱਤਾ ਗਿਆ। ਅਧਿਆਪਕਾਂ ਦੀਆਂ ਹਰ ਵਰਗ ਦੀਆਂ ਪ੍ਰਮੋਸ਼ਨਾਂ ਕਰਨ ਲਈ 2018 ਦੇ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ ਦੀ ਮੰਗ ਦਲੀਲਾਂ ਸਹਿਤ ਜੋਰਦਾਰ ਢੰਗ ਨਾਲ ਉਠਾਈ ਗਈ। ਜਿਸ ਸਬੰਧੀ 10 ਅਕਤੂਬਰ ਤੋਂ ਪਹਿਲਾਂ ਮੁੜ ਮੀਟਿੰਗ ਕਰਨ ਦਾ ਫੈਸਲਾ ਹੋਇਆ। ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਗਈ। ਐਸ ਐਲ ਏ ਆਸਾਮੀ ਦਾ ਨਾਂ ਬਦਲਣ ਸਬੰਧੀ ਉਨ੍ਹਾਂ ਜਲਦ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ। ਕੱਚੇ ਅਧਿਆਪਕਾਂ ਦੇ ਤਨਖਾਹ ਵਧਾਉਣ ਦੇ ਰਹਿੰਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਗਈ।
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਫ਼ਦ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਅਗਲੇ ਹਫਤੇ ਮੀਟਿੰਗ ਕਰਨ ਦਾ ਸਮਾਂ ਦਿੱਤਾ।
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਫ਼ਦ ਵਿੱਚ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਹਰਵਿੰਦਰ ਸਿੰਘ ਬਿਲਗਾ, ਬਾਜ ਸਿੰਘ ਖਹਿਰਾ, ਸੁਖਜਿੰਦਰ ਸਿੰਘ ਹਰੀਕਾ, ਸੁਖਰਾਜ ਸਿੰਘ ਕਾਹਲੋਂ, ਊਧਮ ਸਿੰਘ, ਗੁਰਦਰਸ਼ਨ ਸਿੰਘ, ਜਗਤਾਰ ਸਿੰਘ ਖਮਾਣੋਂ, ਬਿਕਰਮਜੀਤ ਸਿੰਘ ਕੱਦੋਂ, ਰੇਸ਼ਮ ਸਿੰਘ ਅਬੋਹਰ, ਸੋਹਣ ਸਿੰਘ, ਸੁਰਜੀਤ ਸਿੰਘ ਮੋਹਾਲੀ, ਹਰਜੀਤ ਸਿੰਘ ਜੁਨੇਜਾ, ਤਜਿੰਦਰ ਸਿੰਘ ਧਰਮਕੋਟ, ਗੁਰਿੰਦਰ ਸਿੰਘ ਤਰਨਤਾਰਨ, ਜਗਤਾਰ ਸਿੰਘ ਆਦਿ ਹਾਜ਼ਰ ਸਨ।

Share: