ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਦਿੱਤਾ 386 ਦੌੜਾਂ ਦਾ ਟੀਚਾ

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਦਿੱਤਾ 386 ਦੌੜਾਂ ਦਾ ਟੀਚਾ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ ਤਿੰਨ ਵਨਡੇਅ ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਮੁਕਾਬਲਾ ਮੰਗਲਵਾਰ ਨੂੰ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਦੇ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ । ਨਿਊਜ਼ੀਲੈਂਡ ਵੱਲੋਂ ਗੇਂਦਬਾਜ਼ੀ ਚੁਣਨ ਦੇ ਫੈਸਲੇ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਟੀਮ ਨੇ ਰੋਹਿਤ ਸ਼ਰਮਾ ਦੀਆਂ 101 ਦੌੜਾਂ ਅਤੇ ਸ਼ੁਭਮਨ ਗਿੱਲ ਦੀਆਂ 112 ਦੌੜਾਂ ਦੀ ਬਦੌਲਤ 50 ਓਵਰਾਂ ‘ਚ 9  ਵਿਕਟਾਂ ਦੇ ਨੁਕਸਾਨ ‘ਤੇ 385 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਰਧਾਰਤ 50 ਓਵਰਾਂ ਦੇ ਇਸ ਮੁਕਾਬਲੇ ਦੇ ਵਿੱਚ ਭਾਰਤ ਦੀ ਟੀਮ ਨੇ ਨਿਊਜ਼ੀਲੈਂਡ ਨੂੰ ਜਿੱਤ ਦੇ ਲਈ 386 ਦੌੜਾਂ ਦਾ ਟੀਚਾ ਦਿੱਤਾ ਹੈ।

ਭਾਰਤ ਦੀ ਟੀਮ ਦੇ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸ਼ਾਨਦਾਰ ਸੈਂਕੜੇ ਲਗਾਏ । ਰੋਹਿਤ ਸ਼ਰਮਾ ਨੇ ਵਨਡੇਅ ਕਰੀਅਰ ਦਾ ਆਪਣਾ 30ਵਾਂ ਸੈਂਕੜਾ ਜਦਕਿ ਸ਼ੁਭਮਨ ਨੇ ਵਨਡੇਅ ਕਰੀਅਰ ਦਾ ਆਪਣਾ ਚੌਥਾ ਸੈਂਕੜਾ ਲਗਾਇਆ ਹੈ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਆਪਣੇ ਸ਼ਾਨਦਾਰ ਸੈਂਕੜੇ ਜੜਨ ਤੋਂ ਬਾਅਦ ਆਊਟ ਹੋ ਗਏ । ਰੋਹਿਤ ਸ਼ਰਮਾ ਨੇ ਆਪਣੀ ਪਾਰੀ ਦੇ ਵਿੱਚ 9 ਚੌਕੇ ਤੇ 6 ਛੱਕੇ ਲਗਾ ਕੇ 101 ਦੌੜਾਂ ਬਣਾਈਆਂ ਅਤੇ ਬ੍ਰੇਸਵੈਲ ਵੱਲੋਂ ਕੀਤੀ ਗਈ ਇੱਕ ਗੇਂਦ ਨੂੰ ਖੇਡਦਿਆਂ ਰੋਹਿਤ ਸ਼ਰਮਾ ਬੋਲਡ ਹੋ ਗਏ । ਇਸ ਤੋਂ ਬਾਅਦ ਸ਼ੁਭਮਨ ਵੀ 13 ਚੌਕੇ ਅਤੇ 5 ਛੱਕੇ ਲਗ ਕੇ 112 ਦੌੜਾਂ ਦੇ ਨਿੱਜੀ ਸਕੋਰ ‘ਤੇ ਟਿਕਨਰ ਵੱਲੋਂ ਆਊਟ ਹੋ ਗਏ।ਰੋਹਿਤ ਅਤੇ ਗਿੱਲ ਤੋਂ ਇਲਾਵਾ ਇਸ਼ਾਨ ਕਿਸ਼ਨ 17 ਦੌੜਾਂ, ਵਿਰਾਟ ਕੋਹਲੀ 36 ਦੌੜਾਂ, ਸੂਰਯਕੁਮਾਰ ਯਾਦਵ 14 ਦੌੜਾਂ ਅਤੇ ਵਾਸ਼ਿੰਗਟਨ ਸੁੰਦਰ 9 ਦੌੜਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਹਾਰਦਿਕ ਪੰਡਯਾ ਵੀ 54 ਦੌੜਾਂ ਬਣਾ ਕੇ ਆਊਟ ਹੋ ਗਏ। ਨਿਊਜ਼ੀਲੈਂਡ ਵਲੋਂ ਜੈਕਬ ਡਫੀ ਨੇ 3, ਬਲੇਅਰ ਟਿਕਨਰ ਨੇ 3, ਮਿਸ਼ੇਲ ਬ੍ਰੇਸਵੈਲ ਨੇ 1 ਵਿਕਟ ਲਈਆਂ।ਨਿਊਜ਼ੀਲੈਂਡ ਨੂੰ ਜਿੱਤ ਦੇ ਲਈ 386 ਦੌੜਾਂ ਦਾ ਟੀਚਾ ਦਿੱਤਾ ਗਿਆ ਹੈ। ਜੇ ਭਾਰਤ ਦੀ ਟੀਮ ਇਹ ਮੁਕਾਬਲਾ ਜਿੱਤ ਜਾਂਦੀ ਹੈ ਤਾਂ ਉਹ ਵਨਡੇਅ ਰੈਂਕਿੰਗ ਦੇ ਵਿੱਚ ਨੰਬਰ ਇੱਕ ’ਤੇ ਆ ਜਾਵੇਗੀ।

Share: