ਸਕੂਲ ਤੇ ਪਰਿਵਾਰ, ਮੁੰਡਿਆਂ ਨੂੰ ਦੇਣ ਸਿੱਖਿਆ: ਕੁੜੀ ਨੂੰ ਉਸਦੀ ਬਿਨਾਂ ਮਰਜ਼ੀ ਨਹੀਂ ਛੂਹਣਾ

ਸਕੂਲ ਤੇ ਪਰਿਵਾਰ, ਮੁੰਡਿਆਂ ਨੂੰ ਦੇਣ ਸਿੱਖਿਆ: ਕੁੜੀ ਨੂੰ ਉਸਦੀ ਬਿਨਾਂ ਮਰਜ਼ੀ ਨਹੀਂ ਛੂਹਣਾ

ਕੇਰਲਾ ਹਾਈਕੋਰਟ ਨੇ ਸਕੂਲਾਂ ਅਤੇ ਪਰਿਵਾਰਾਂ ਨੂੰ ਕਿਹਾ ਹੈ ਕਿ ਉਹ ਆਪਣੇ ਮੁੰਡਿਆਂ ਨੂੰ ਸਿੱਖਿਆ ਦੇਣ ਕਿ ਉਸ ਨੂੰ ਕਿਸੇ ਕੁੜੀ ਨੂੰ ਬਿਨਾਂ ਉਸਦੀ ਮਰਜ਼ੀ ਨਹੀਂ ਹੱਥ ਲਾਉਣਾ ਚਾਹੀਦਾ। ਹਾਈਕੋਰਟ ਨੇ ਕਿਹਾ ਕਿ ਮੁੰਡਿਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਕਿਸੇ ਕੁੜੀ ਜਾਂ ਔਰਤ ਨੂੰ ਉਸਦੀ ਬਿਨਾਂ ਮਨਜੂਰੀ ਤੋਂ ਨਹੀਂ ਛੂਹਣਾ ਚਾਹੀਦਾ ਅਤੇ ਸਕੂਲ ਤੇ ਪਰਿਵਾਰਾਂ ਵਿੱਚ ਵੀ ਇਹ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਔਰਤਾਂ ਵਿਰੁੱਧ ਵਧ ਰਹੇ ਅਪਰਾਧਿਕ ਮਾਮਲਿਆਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਚੰਗੇ ਵਿਹਾਰ ਅਤੇ ਆਚਰਣ ਸਬੰਧੀ ਪਾਠ ਘੱਟੋ ਘੱਟ ਮੁੱਢਲੇ ਪੱਧਰ ਦਾ ਹਿੱਸਾ ਹੋਣਾ ਚਾਹੀਦਾ ਹੈ।

ਹਾਈਕੋਰਟ ਨੇ ਕਿਹਾ ਕਿ ਲੜਕਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ “ਨਹੀਂ” ਦਾ ਮਤਲਬ “ਨਹੀਂ” ਹੈ। ਅਦਾਲਤ ਨੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਲੜਕਿਆਂ ਨੂੰ ਸੁਆਰਥੀ ਅਤੇ ਸਵੈ-ਕੇਂਦਰਿਤ ਹੋਣ ਦੀ ਬਜਾਏ ਨਿਰਸਵਾਰਥ ਅਤੇ ਸਾਊ ਬਣਨਾ ਸਿਖਾਉਣ। ਜਸਟਿਸ ਦੇਵਨ ਰਾਮਚੰਦਰਨ ਨੇ ਕਾਲਜ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਦੇ ਹੁਕਮਾਂ ਅਤੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਛੇੜਛਾੜ ਦੇ ਮਾਮਲੇ ਵਿੱਚ ਦਿੱਤੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ’ਤੇ ਵਿਚਾਰ ਕਰਦਿਆਂ ਕਿਹਾ ਕਿ ਕਿਸੇ ਔਰਤ ਦਾ ਸਨਮਾਨ ਕਰਨਾ ਕੋਈ ਪੁਰਾਣਾ ਰਵੱਈਆ ਨਹੀਂ ਹੈ। ਇਹ ਸਦਾ ਕਾਇਮ ਰਹਿਣ ਵਾਲਾ ਗੁਣ ਹੈ।ਜੱਜ ਨੇ 18 ਜਨਵਰੀ ਨੂੰ ਸੁਣਾਏ ਆਦੇਸ਼ ਵਿੱਚ ਕਿਹਾ, “ਮੁੰਡਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਲੜਕੀ/ਔਰਤ ਨੂੰ ਉਸਦੀ ਸਪੱਸ਼ਟ ਸਹਿਮਤੀ ਤੋਂ ਬਿਨਾਂ ਛੂਹਣਾ ਨਹੀਂ ਚਾਹੀਦਾ। ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ “ਨਹੀਂ” ਦਾ ਅਰਥ “ਨਹੀਂ” ਹੈ।

Share: