ਭਾਰਤੀ ਫੌਜ ਵਿਚ ਹੁਣ ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ ਉਤੇ ਤਰੱਕੀ ਦਿੱਤੀ ਜਾ ਰਹੀ ਹੈ। ਇਸ ਕਦਮ ਵਿੱਚ ਹੁਣ ਤੱਕ ਲਗਭਗ 80 ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ ‘ਤੇ ਤਰੱਕੀ ਲਈ ਮਨਜ਼ੂਰੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਉਹ ਪਹਿਲੀ ਵਾਰ ਹਥਿਆਰਾਂ ਤੇ ਸੇਵਾਵਾਂ ਵਿੱਚ ਕਮਾਂਡ ਯੂਨਿਟਾਂ ਲਈ ਯੋਗ ਹੋ ਗਈਆਂ ਹਨ।
ਦਿ ਇੰਡੀਅਨ ਐਕਸਪ੍ਰੈਸ ਦੀ ਇਕ ਰਿਪੋਰਟ ਦੇ ਅਨੁਸਾਰ 9 ਜਨਵਰੀ ਨੂੰ ਸ਼ੁਰੂ ਹੋਈ ਮਹਿਲਾ ਅਧਿਕਾਰੀ ਵਿਸ਼ੇਸ਼ ਸੰਖਿਆ 3 ਚੋਣ ਬੋਰਡ ਦੀ ਕਾਰਵਾਈ ਫਿਲਹਾਲ ਫੌਜ ਦੇ ਹੈੱਡਕੁਆਰਟਰ ਵਿੱਚ ਲੈਫਟੀਨੈਂਟ ਕਰਨਲ ਦੇ ਰੈਂਕ ਤੋਂ ਕਰਨਲ ਦੇ ਰੈਂਕ ਤੱਕ ਤਰੱਕੀ ਲਈ ਚੱਲ ਰਹੀ ਹੈ। ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਸ਼ ਹਮਰੁਤਬਾ ਦੇ ਬਰਾਬਰ ਲਿਆਂਦਾ ਜਾ ਸਕੇ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਰਮੀ ਏਅਰ ਡਿਫੈਂਸ ‘ਚ ਤਿੰਨ ਖਾਲੀ ਅਸਾਮੀਆਂ ‘ਤੇ ਸੱਤ ਮਹਿਲਾ ਅਧਿਕਾਰੀਆਂ ਨੂੰ ਤਰੱਕੀ ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇੰਟੈਲੀਜੈਂਸ ਕੋਰ ‘ਚ 5 ਅਸਾਮੀਆਂ ‘ਤੇ ਤਰੱਕੀ ਲਈ ਸੱਤ ਮਹਿਲਾ ਅਧਿਕਾਰੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਆਰਮੀ ਸਰਵਿਸ ਕੋਰ ਅਤੇ ਕੋਰ ਆਫ ਸਿਗਨਲ ਲਈ ਕ੍ਰਮਵਾਰ ਮੌਜੂਦਾ 14 ਅਤੇ 18 ਖਾਲੀ ਅਸਾਮੀਆਂ ਲਈ 29 ਅਤੇ 42 ਮਹਿਲਾ ਅਫਸਰਾਂ ਦੀ ਤਰੱਕੀ ਲਈ ਮੁਲਾਂਕਣ ਕੀਤਾ ਜਾ ਰਿਹਾ ਹੈ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ 1992 ਤੋਂ ਸ਼ੁਰੂ ਹੋਏ ਪ੍ਰਮੋਸ਼ਨ ਬੋਰਡ ਵੱਲੋਂ ਹਰ ਰੋਜ਼ ਇਕ ਵਿਸ਼ੇਸ਼ ਬੈਚ ਲਈ ਚੋਣ ਕੀਤੀ ਜਾ ਰਹੀ ਹੈ ਅਤੇ ਨਤੀਜੇ ਤੁਰੰਤ ਐਲਾਨੇ ਜਾ ਰਹੇ ਹਨ। ਹਰ ਅਧਿਕਾਰੀ ਨੂੰ ਤਰੱਕੀ ਦੇ ਤਿੰਨ ਮੌਕੇ ਮਿਲਦੇ ਹਨ।