ਜਲੰਧਰ ਤਹਿਸੀਲ ਕੰਪਲੈਕਸ ਦੇ ਵਿਚ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੀ ਹੋ ਰਹੀ ਭਰਮਾਰ: ਐਡਵੋਕੇਟ ਰਾਜੇਸ਼ ਭਾਰਦਵਾਜ

ਜਲੰਧਰ ਤਹਿਸੀਲ ਕੰਪਲੈਕਸ ਦੇ ਵਿਚ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੀ ਹੋ ਰਹੀ ਭਰਮਾਰ: ਐਡਵੋਕੇਟ ਰਾਜੇਸ਼ ਭਾਰਦਵਾਜ

ਜਲੰਧਰ (ਪੂਜਾ ਸ਼ਰਮਾ) ਜਲੰਧਰ ਦੇ ਤਹਿਸੀਲ ਕੰਪਲੈਕਸ, ਡਿਪਟੀ ਕਮਿਸ਼ਨਰ ਦਫ਼ਤਰ ਵਿਚ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੀ ਭਰਮਾਰ ਹੋ ਰਹੀ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਰਾਜੇਸ਼ ਭਾਰਦਵਾਜ ਨੇ ਦੱਸਿਆ ਕਿ ਜਿਨ੍ਹਾਂ ਅਸ਼ਟਾਮ ਫਰੋਸ਼ਾਂ ਨੂੰ ਜਲੰਧਰ ਤਹਿਸੀਲ ਕੰਪਲੈਕਸ ਵਿਚ ਅਸ਼ਟਾਮ ਵੇਚਣ ਦਾ ਲਾਇਸੰਸ ਨਹੀਂ ਮਿਲਿਆ ਉਹ ਵੀ ਅਣਅਧਿਕਾਰਤ ਤੌਰ ਤੇ ਤਹਿਸੀਲ ਕੰਪਲੈਕਸ ਵਿੱਚ ਬੈਠ ਕੇ ਅਸ਼ਟਾਮ ਵੇਚ ਰਹੇ ਹਨ। ਇਹਨਾਂ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਨੂੰ ਜਲੰਧਰ ਦੇ ਆਸ ਪਾਸ ਦੇ ਇਲਾਕਿਆਂ ਜਾਂ ਜ਼ਿਲ੍ਹਾ ਜਲੰਧਰ ਦੇ ਪਿੰਡਾਂ ਵਿੱਚ ਅਸਟਾਮ ਵੇਚਣ ਦੀ ਇਜਾਜ਼ਤ ਹੈ, ਪਰ ਇਹ ਅਸ਼ਟਾਮ ਫਰੋਸ਼ ਆਪਣਾ ਅਧਿਕਾਰ ਖੇਤਰ ਛੱਡ ਕੇ ਅਤੇ ਸਰਕਾਰੀ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਅਸ਼ਟਾਮ ਵੇਚ ਰਹੇ ਹਨ। ਇਹ ਅਸ਼ਟਾਮਫਰੋਸ਼ ਜਦੋਂ ਤੋਂ ਹੀ ਈ-ਸਟੈਂਪਿੰਗ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਅਸਟਾਮ ਵੇਚਣ ਲਈ ਤਹਿਸੀਲ ਕੰਪਲੈਕਸ ਦੇ ਵਿਚ ਬੈਠਣ ਦੇ ਜਾਂ ਬੂਥ ਲੈਣ ਦੇ ਨਵੇਂ-ਨਵੇਂ ਹੱਥ ਕੰਡੇ ਅਪਣਾ ਰਹੇ ਹਨ। ਇਹ ਤਹਿਸੀਲ ਕੰਪਲੈਕਸ ਦੇ ਵਿੱਚ ਬੂਥਾਂ ਵਿੱਚ ਕੰਮ ਕਰ ਰਹੇ ਕੰਪਿਊਟਰ ਟਾਈਪਿਸਟ ਜਾਂ ਵਸੀਕਾ ਨਵੀਸਾਂ ਨੂੰ ਉਨ੍ਹਾਂ ਦੇ ਨਾਲ ਬੈਠਣ ਲਈ ਅੱਧਾ ਖਰਚਾ ਜਾਂ ਇਸ ਤੋਂ ਵੀ ਵੱਧ ਖਰਚਾ ਦੇਣ ਦਾ ਲਾਲਚ ਦੇ ਕੇ ਭਰਮਾ ਰਹੇ ਹਨ। ਐਡਵੋਕੇਟ ਭਾਰਦਵਾਜ ਨੇ ਅੱਗੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੇ ਇੱਕ ਅਸ਼ਟਾਮ ਫਰੋਸ਼ ਨੂੰ ਅਣ-ਅਧਿਕਾਰਤ ਤੌਰ ਤੇ ਤਹਿਸੀਲ ਕੰਪਲੈਕਸ ਵਿਚ ਅਸ਼ਟਾਮ ਵੇਚਣ ਕਰਕੇ ਉਸ ਦਾ ਲਾਇਸੰਸ ਸਸਪੈਂਡ ਕੀਤਾ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਜੇ ਉਕਤ ਅਸ਼ਟਾਮ ਫਰੋਸ਼ ਦੁਬਾਰਾ ਤਹਿਸੀਲ ਕੰਪਲੈਕਸ ਵਿੱਚ ਅਸ਼ਟਾਮ ਵੇਚਦਾ ਫੜਿਆ ਗਿਆ ਤਾਂ ਉਸ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਜਾਏਗਾ, ਪਰ ਉਕਤ ਅਸ਼ਟਾਮ ਫਰੋਸ਼ ਅਜੇ ਵੀ ਧੜੱਲੇ ਨਾਲ ਬਿਨਾਂ ਪ੍ਰਸ਼ਾਸਨ ਤੋਂ ਡਰਦੇ ਹੋਏ ਤਹਿਸੀਲ ਕੰਪਲੈਕਸ ਦੇ ਵਿਚ ਬੈਠ ਕੇ ਅਸ਼ਟਾਮ ਵੇਚ ਰਿਹਾ ਹੈ। ਐਡਵੋਕੇਟ ਭਾਰਦਵਾਜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਇਸ ਸਬੰਧੀ ਇਨ੍ਹਾਂ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੇ ਖਿਲਾਫ ਕਾਰਵਾਈ ਕਰਨ ਤਾਂ ਕਿ ਗੈਰ-ਕਨੂੰਨੀ ਢੰਗ ਨਾਲ ਹੋਰ ਅਸ਼ਟਾਮਾਂ ਦੀ ਵਿਕਰੀ ਨੂੰ ਰੋਕਿਆ ਜਾਵੇ।

Share: