ਜੇ ਧਰਮ ਪਰਿਵਰਤਨ ਹੋ ਰਿਹੈ ਤਾਂ ਇਸ ਪਿੱਛੇ ਸ਼੍ਰੋਮਣੀ ਕਮੇਟੀ ਦੀ ਨਾਕਾਮੀ; ਰਵਨੀਤ ਬਿੱਟੂ

ਜੇ ਧਰਮ ਪਰਿਵਰਤਨ ਹੋ ਰਿਹੈ ਤਾਂ ਇਸ ਪਿੱਛੇ ਸ਼੍ਰੋਮਣੀ ਕਮੇਟੀ ਦੀ ਨਾਕਾਮੀ; ਰਵਨੀਤ ਬਿੱਟੂ

ਪੰਜਾਬ ਵਿੱਚ ਧਰਮ ਪਰਿਵਰਤਨ ਦੇ ਮੁੱਦਾ ਭਖਿਆ ਹੋਇਆ ਹੈ, ਜਿਸ ਨੂੰ ਲੈ ਕੇ ਸਿੱਖ ਮਿਸ਼ਨਰੀਆਂ ਅਤੇ ਨਿਹੰਗ ਸਿੰਘਾਂ ਵਿੱਚ ਝਗੜਾ ਵੀ ਹੋਇਆ। ਮਾਮਲੇ ਵਿੱਚ 150 ਨਿਹੰਗ ਸਿੰਘਾਂ ਵਿਰੁੱਧ ਕੇਸ ਵੀ ਦਰਜ ਹੋਇਆ ਹੈ। ਮਾਮਲੇ ਉਪਰ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵੀ ਤਿੱਖੀ ਪ੍ਰਤੀਕਿਿਰਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਅੱਜ ਇਹ ਧਰਮ ਪਰਿਵਰਤਨ ਹੋ ਰਿਹਾ ਹੈ ਤਾਂ ਇਸ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾਕਾਮੀ ਹੈ।
ਬਿੱਟੁ ਨੇ ਤਰਨਤਾਰਨ ਵਿੱਚ ਚਰਚ ‘ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਮੰਦਭਾਗੀ ਘਟਨਾ ਕਰਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਕਿਸੇ ਵੀ ਧਾਰਮਿਕ ਸਥਾਨ ‘ਤੇ ਨਹੀਂ ਹੋਣੀ ਚਾਹੀਦੀ। ਅਜਿਹਾ ਕਰਨ ਵਾਲੇ ਲੋਕ ਸ਼ੈਤਾਨ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਪੰਜਾਬ ਦਾ ਭਾਈਚਾਰਾ ਖਰਾਬ ਹੋਵੇਗਾ ਅਤੇ ਪੰਜਾਬ ਦੇ ਹਾਲਾਤ ਖਰਾਬ ਹੋਣਗੇ। ਉਨ੍ਹਾਂ ਪੁਲਿਸ ਨੂੰ ਅਜਿਹੇ ਲੋਕਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟਣ ਲਈ ਕਿਹਾ।
ਧਰਮ ਪਰਿਵਰਤਨ ‘ਤੇ ਬੋਲਦੇ ਹੋਏ ਬਿੱਟੂ ਨੇ ਕਿਹਾ ਕਿ ਜੇਕਰ ਅੱਜ ਇਹ ਪੰਜਾਬ ਵਿੱਚ ਹੋ ਰਿਹਾ ਹੈ ਤਾਂ ਇਸ ਪਿੱਛੇ ਸ਼੍ਰੋਮਣੀ ਕਮੇਟੀ ਦੀ ਵੱਡੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਸਿਰਫ਼ ਗੁਰਦੁਆਰਿਆਂ ਦਾ ਪੈਸਾ ਸੰਭਾਲਣ ਤੱਕ ਸੀਮਤ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਬਾਰੇ ਵਿਚਾਰ ਕਰਨਾ ਪਵੇਗਾ।
ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਅੱਜ ਪੰਜਾਬ ਦੇ ਹਾਲਾਤ ਠੀਕ ਹਨ ਤਾਂ ਇਹ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸ਼ਹਾਦਤ ਹੈ, ਜੇਕਰ ਉਹ ਨਾ ਹੁੰਦੇ ਤਾਂ ਅੱਜ ਪੰਜਾਬ ਦੇ ਹਾਲਾਤ ਜੰਮੂ-ਕਸ਼ਮੀਰ ਵਰਗੇ ਹੁੰਦੇ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਖਾਲਿਸਤਾਨ ਦੀ ਸੋਚ ਨੂੰ ਇਸ ਤਰ੍ਹਾਂ ਖਤਮ ਕਰਕੇ ਗਏ ਹਨ ਕਿ ਉਹ ਹੁਣ ਉਠ ਨਹੀਂ ਸਕਦੇ।

Share: