ਉੱਤਰੀ ਕੋਰੀਆ ਵਿਚ ਰਹੱਸਮਈ ਬੁਖਾਰ ਦਾ ਕਹਿਰ, 17 ਲੱਖ ਤੋਂ ਵੱਧ ਲੋਕ ਬਿਮਾਰ

ਉੱਤਰੀ ਕੋਰੀਆ ਵਿਚ ਰਹੱਸਮਈ ਬੁਖਾਰ ਦਾ ਕਹਿਰ, 17 ਲੱਖ ਤੋਂ ਵੱਧ ਲੋਕ ਬਿਮਾਰ

ਉੱਤਰੀ ਕੋਰੀਆ ਵਿੱਚ ਬੁੱਧਵਾਰ ਨੂੰ ਰਹੱਸਮਈ ਬੁਖਾਰ ਦੇ 232,880 ਨਵੇਂ ਕੇਸ ਦਰਜ ਕੀਤੇ ਗਏ ਅਤੇ ਛੇ ਹੋਰਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਨੇਤਾ ਕਿਮ ਜੋਂਗ ਉਨ ਨੇ ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਨਾਲ ਨਜਿੱਠਣ ਲਈ ਅਧਿਕਾਰੀਆਂ ‘ਤੇ ਸੁਸਤੀ ਅਤੇ ਅਣਗਹਿਲੀ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਹੈ।

ਇਸ ਤੋਂ ਇਲਾਵਾ ਦੇਸ਼ ਦੇ ਐਂਟੀ-ਵਾਇਰਸ ਹੈੱਡਕੁਆਰਟਰ ਨੇ ਕਿਹਾ ਕਿ ਅਪ੍ਰੈਲ ਦੇ ਅੰਤ ਤੋਂ ਬੁਖਾਰ ਦੇ ਤੇਜ਼ੀ ਨਾਲ ਫੈਲਣ ਕਾਰਨ 62 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਲੱਖ ਤੋਂ ਵੱਧ ਲੋਕ ਬਿਮਾਰ ਹੋ ਚੁੱਕੇ ਹਨ। ਇਹ ਵੀ ਦੱਸਿਆ ਗਿਆ ਹੈ ਕਿ 10 ਲੱਖ ਤੋਂ ਵੱਧ ਲੋਕ ਠੀਕ ਹੋ ਗਏ ਹਨ। ਪਰ ਘੱਟੋ ਘੱਟ 691,170 ਆਇਸੋਲੇਸ਼ਨ ਕੀਤੇ ਗਏ ਹਨ।

ਇਸ ਦੇ ਨਾਲ ਹੀ ਬਾਹਰੀ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲੇ ਕੋਰੋਨਾ ਦੇ ਹੋਣਗੇ। ਹਾਲਾਂਕਿ ਉੱਤਰੀ ਕੋਰੀਆ ਨੇ ਪਿਛਲੇ ਹਫਤੇ ਹੀ ਓਮੀਕਰੋਨ ਦੇ ਕਹਿਰ ਤੋਂ ਬਾਅਦ ਕੋਰੋਨਾ ਦੇ ਕੁਝ ਮਾਮਲਿਆਂ ਨੂੰ ਸਵੀਕਾਰ ਕੀਤਾ ਹੈ।

ਇਸ ਦੇ ਨਾਲ ਹੀ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਸਿਲਸਿਲਾ ਨਾ ਰੁਕਿਆ ਤਾਂ ਉੱਤਰੀ ਕੋਰੀਆ ਵਿੱਚ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਕਿਉਂਕਿ ਦੇਸ਼ ਦੀ ਢਹਿ-ਢੇਰੀ ਹੋਈ ਸਿਹਤ ਪ੍ਰਣਾਲੀ ਅਤੇ ਟੀਕਾਕਰਨ ਦੀ ਅਣਗਹਿਲੀ ਕਾਰਨ 26 ਮਿਲੀਅਨ ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਹਨ।

ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਮੁਤਾਬਕ ਮੰਗਲਵਾਰ ਨੂੰ ਕਿਮ ਜੋਂਗ ਉਨ ਨੇ ਅਧਿਕਾਰੀਆਂ ਦੇ ਰਵੱਈਏ ‘ਤੇ ਸਵਾਲ ਉਠਾਏ ਅਤੇ ਚਿੰਤਾ ਜ਼ਾਹਰ ਕੀਤੀ ਕਿ ਦਵਾਈਆਂ ਦੀ ਸਪਲਾਈ ਸਮੇਂ ‘ਤੇ ਨਹੀਂ ਹੋ ਰਹੀ ਹੈ।

Share: