ਨਵੀਂ ਦਿੱਲੀ : ਦੇਸ਼ ਦੀ ਪ੍ਰਮੁੱਖ ਐਲਪੀਜੀ ਕੰਪਨੀ ਨੇ ਇੱਕ ਵਾਰ ਫਿਰ ਘਰੇਲੂ ਐਲਪੀਜੀ ਸਿਲੰਡਰ(LPG Price Hike) ਦੀ ਕੀਮਤ ਵਧਾ ਦਿੱਤੀ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਰਾਜਧਾਨੀ ਦਿੱਲੀ ‘ਚ 14.2 ਕਿਲੋਗ੍ਰਾਮ ਦੇ ਗੈਸ ਸਿਲੰਡਰ ਦੀ ਕੀਮਤ ‘ਚ 3.50 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਦਿੱਲੀ ‘ਚ 14.2 ਕਿਲੋਗ੍ਰਾਮ ਦੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 999.50 ਰੁਪਏ ਤੋਂ ਵਧ ਕੇ 1003 ਰੁਪਏ ਹੋ ਗਿਆ ਹੈ।
ਇਸ ਤੋਂ ਇਲਾਵਾ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 8 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦਿੱਲੀ ‘ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2346 ਰੁਪਏ ਤੋਂ ਵਧ ਕੇ 2354 ਰੁਪਏ ਹੋ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 7 ਮਈ ਨੂੰ 14.2 ਕਿਲੋ ਦੇ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦਿੱਲੀ ‘ਚ ਇਕ ਸਿਲੰਡਰ ਦੀ ਕੀਮਤ 999.50 ਰੁਪਏ ਹੋ ਗਈ, ਜਦਕਿ ਪਹਿਲਾਂ ਦਿੱਲੀ ‘ਚ 14.2 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 949.50 ਰੁਪਏ ਸੀ।
ਕਦੋਂ-ਕਦੋਂ ਵਧੀ LPG ਗੈਸ ਸਿਲੰਡਰ ਦੀ ਕੀਮਤ?
19 ਮਈ 2022 ਨੂੰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਇਸ ਸਾਲ ਤੀਜੀ ਵਾਰ ਵਧੀਆਂ ਹਨ। 22 ਮਾਰਚ ਨੂੰ ਦੇਸ਼ ਦੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ 14.2 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧਾ ਦਿੱਤੀ ਗਈ ਸੀ। ਦਿੱਲੀ ਵਿੱਚ 21 ਮਾਰਚ ਤੱਕ ਐਲਪੀਜੀ ਸਿਲੰਡਰ ਦੀ ਕੀਮਤ 899.50 ਰੁਪਏ ਸੀ, ਜੋ 22 ਮਾਰਚ ਨੂੰ ਵਧ ਕੇ 949.50 ਰੁਪਏ ਹੋ ਗਈ।
ਇਸ ਤੋਂ ਬਾਅਦ 7 ਮਈ ਨੂੰ ਜਦੋਂ ਸਿਲੰਡਰ ਦੀ ਕੀਮਤ ਵਧੀ ਤਾਂ ਦਿੱਲੀ ‘ਚ ਇਸ ਦੀ ਕੀਮਤ 999.50 ਰੁਪਏ ਹੋ ਗਈ ਸੀ। ਜਿਸ ਤੋਂ ਬਾਅਦ ਅੱਜ ਜਦੋਂ ਐਲਪੀਜੀ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਕੀਤਾ ਗਿਆ ਤਾਂ ਇਸ ਦੀ ਕੀਮਤ 1003 ਰੁਪਏ ਹੋ ਗਈ ਹੈ। ਦਿੱਲੀ ਤੋਂ ਇਲਾਵਾ ਕੋਲਕਾਤਾ ‘ਚ LPG ਦੀ ਤਾਜ਼ਾ ਕੀਮਤ 1029.50 ਰੁਪਏ, ਮੁੰਬਈ ‘ਚ 1003 ਰੁਪਏ ਅਤੇ ਚੇਨਈ ‘ਚ 1018.50 ਰੁਪਏ ਹੋ ਗਈ ਹੈ।