ਜਲੰਧਰ (ਪੂਜਾ ਸ਼ਰਮਾ) ਪੰਜਾਬ ਵਿੱਚ ਨਾਜਾਇਜ਼ ਕਲੋਨੀਆਂ ਦੀ ਭਰਮਾਰ ਵੱਧਦੀ ਜਾ ਰਹੀ ਹੈ। ਇਸ ਤਰਾਂ ਦਾ ਹੀ ਇੱਕ ਤਾਜ਼ਾ ਮਾਮਲਾ ਜਲੰਧਰ ਫਗਵਾੜਾ ਰੋਡ ‘ਤੇ ਪੈਂਦੇ ਪਿੰਡ ਹਰਦਾਸਪੁਰ ਨੇੜੇ ਲਵਲੀ ਯੂਨੀਵਰਸਿਟੀ ਦੇ ਨਜ਼ਦੀਕ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਭੂ ਮਾਫ਼ੀਆ ਵੱਲੋਂ ਇਕ ਬਹੁਤ ਵੱਡੀ ਕਲੋਨੀ ਕੱਟੀ ਜਾ ਰਹੀ ਹੈ। ਇਸ ਨਜਾਇਜ਼ ਕਲੋਨੀ ਨੂੰ ਬਣਾਉਣ ਲਈ ਖੁੱਲ੍ਹੀ ਕਲੋਨੀ ਦੇ ਬਾਹਰ ਚਾਰਦਿਵਾਰੀ ਕਰਕੇ ਪੁੱਡਾ ਦਿਆ ਅੱਖਾਂ ਵਿੱਚ ਧੂੜ ਪਾਈ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਇਸ ਕਲੋਨੀ ਤੇ ਪਹਿਲਾਂ ਵੀ ਕਈ ਵਾਰ ਕਾਰਵਾਈ ਹੋ ਚੁੱਕੀ ਹੈ, ਪਰ 1-2 ਦਿਨ ਕੰਮ ਬੰਦ ਕਰਨ ਤੋਂ ਬਾਅਦ ਫੇਰ ਸ਼ੁਰੂ ਕਰਵਾ ਦਿੱਤਾ ਜਾਂਦਾ ਹੈ। ਪੁੱਡਾ ਅਧਿਕਾਰੀ, ਐਸ. ਡੀ. ਓ. ਜਗਵੀਰ ਵੱਲੋਂ ਨੋਟਿਸ ਵੀ ਲਗਾਏ ਗਏ ਹਨ, ਪਰ ਕੁਝ ਦੇਰ ਬਾਅਦ ਹੀ ਕਲੋਨਾਈਜ਼ਰ ਵੱਲੋਂ ਦੁਬਾਰਾ ਧੜੱਲੇ ਨਾਲ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਕਤ ਕਲੋਨੀ ਵਿਚ ਬਿਨਾਂ ਡਰ ਖ਼ੌਫ ਤੋਂ ਪਲਾਟ ਕੱਟ ਕੇ ਵੇਚੇ ਜਾ ਰਹੇ ਹਨ। ਇਥੇ ਜਿਕਰਯੋਗ ਹੈ ਕਿ ਕਲੋਨਾਈਜ਼ਰ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਬਿਨਾਂ ਐਨ. ਓ. ਸੀ. ਤੋਂ ਪਲਾਟ ਵੇਚ ਰਹੇ ਹਨ। ਇਸ ਗੈਰਕਨੂੰਨੀ ਕਲੌਨੀ ਵਿਚ ਰਹਿਣ ਵਾਲੇ ਲੋਕ ਸੜਕਾਂ ਸੀਵਰੇਜ ਪਾਣੀ ਸਟਰੀਟ ਲਾਈਟਾਂ ਵਰਗੀਆਂ ਮੂਲ ਸੁਵਿਧਾਵਾਂ ਲਈ ਤਰਸਦੇ ਰਹਿਣਗੇ ਕਿਉਂਕਿ ਇਹ ਕਲੋਨੀ ਅਣ-ਅਧਿਕਾਰਤ ਹੈ ਅਤੇ ਕਈ ਮਕਾਨਾਂ ਦੇ ਨਕਸ਼ੇ ਵੀ ਪਾਸ ਹੋਣੇ ਵੀ ਮੁਸ਼ਕਿਲ ਹਨ।