ਜਲੰਧਰ/ਕੋਟਕਪੂਰਾ (ਪੂਜਾ ਸ਼ਰਮਾ/ਗੁਰਮੀਤ ਸਿੰਘ ਮੀਤਾ) ਨਰਸਿੰਗ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸੂਬੇ ਦੀਆਂ ਸਾਰੀਆਂ ਸੰਸਥਾਵਾਂ 11 ਅਪ੍ਰੈਲ ਦਿਨ ਸੋਮਵਾਰ ਨੂੰ ਰੋਸ ਜਲੰਧਰਵਜੋਂ ਬੰਦ ਰਹਿਣਗੀਆਂ, ਨਰਸਿੰਗ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ ਇੱਕ ਸਕੂਲ ਦੀ ਚਾਰ ਸਾਲਾ ਬੱਚੀ ਨਾਲ ਦੁਸ਼ਕਰਮ ਹੋਣ ਦੀ ਘਟਨਾ ਸਾਹਮਣੇ ਆਈ, ਸਕੂਲ ਦੇ ਕੈਮਰਿਆਂ ਦੀ ਰਿਕਾਰਡਿੰਗ ਮੁਤਾਬਿਕ ਬੱਚੀ ਠੀਕ-ਠਾਕ ਆਪਣੀ ਕਲਾਸ ’ਚ ਪਹੁੰਚੀ, ਪੂਰੇ ਦਿਨ ਉਪਰੰਤ ਬੱਚੀ ਦੀ ਮਾਤਾ ਉਸ ਨੂੰ ਆਪ ਸਕੂਲ ’ਚੋਂ ਮੋਟਰਸਾਈਕਲ ’ਤੇ ਲੈ ਕੇ ਗਈ, ਬਜ਼ਾਰ ਜਾਣ ਉਪਰੰਤ ਬੱਚੀ ਘਰ ਗਈ ਅਤੇ ਇੱਕ ਹੋਰ ਵੀਡੀਓ ਮੁਤਾਬਿਕ ਬੱਚੀ ਸ਼ਾਮ ਨੂੰ ਮੁਹੱਲੇ ’ਚ ਸਹੀ ਘੁੰਮਦੀ ਨਜ਼ਰ ਆ ਰਹੀ ਹੈ। ਬੱਚੀ ਨਾਲ ਹੋਈ ਇਸ ਘਟਨਾ ਦੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਨਿੰਦਾ ਕਰਦਿਆਂ ਨਾਲ ਹੀ ਬਿਨਾਂ ਕਿਸੇ ਤੱਥਾਂ ਤੋਂ ਨਿਰਦੋਸ਼ ਮੈਨੇਜਮੈਂਟ ’ਤੇ ਪਰਚਾ ਦਰਜ ਕਰਨ ਅਤੇ ਗਿ੍ਰਫਤਾਰ ਕਰਨ ਦੀ ਵੀ ਨਿੰਦਾ ਕੀਤੀ ਹੈ। ਡਾ ਢਿੱਲੋਂ ਮੁਤਾਬਿਕ ਪੁਲਿਸ ਅਤੇ ਸਾਰਾ ਇਲਾਕਾ ਜਾਣਦਾ ਹੈ ਕਿ ਮੈਨੇਜਮੈਂਟ ਨਿਰਦੋਸ਼ ਹੈ, ਪੁਲਿਸ ਨੇ ਅਜੇ ਤੱਕ ਕੋਈ ਅਸਲ ਦੋਸ਼ੀ ਗਿ੍ਰਫਤਾਰ ਨਹੀਂ ਕੀਤਾ, ਜਿਸ ਦੇ ਰੋਸ ਵਜੋਂ ਗੁਰਦਾਸਪੁਰ ਦੀਆਂ ਸਾਰੀਆਂ ਸੰਸਥਾਵਾਂ ਇੱਕ ਦਿਨ ਲਈ ਬੰਦ ਕੀਤੀਆਂ ਗਈਆਂ ਸਨ ਅਤੇ ਹੁਣ 11 ਅਪ੍ਰੈਲ ਨੂੰ ਪੂਰੇ ਪੰਜਾਬ ਦੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਸ ਬੰਦ ਦਾ ਸਮਰਥਨ ਜੁਆਇੰਟ ਐਸੋਸੀਏਸ਼ਨਜ਼ ਆਫ ਕਾਲਜਜ਼ (ਜੱੈਕ), ਰਾਸਾ, ਕਾਸਾ, ਈ.ਸੀ.ਅੱੈਸ. ਵਲੋਂ ਵੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਜੇਕਰ ਬੱਚੀ ਨੂੰ ਜਲਦ ਇਨਸਾਫ ਨਾ ਮਿਲਿਆ ਅਤੇ ਨਿਰਦੋਸ਼ ਮੈਨੇਜਮੈਂਟ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਸਾਰੀਆਂ ਸੰਸਥਾਵਾਂ ਸੜਕਾਂ ਉੱਪਰ ਹੋਣਗੀਆਂ।