ਉਨਟਾਰੀਓ ’ਚ 17 ਜਨਵਰੀ ਤੋਂ ਮੁੜ ਸਕੂਲ ਜਾ ਸਕਣਗੇ ਵਿਦਿਆਰਥੀ

ਉਨਟਾਰੀਓ ’ਚ 17 ਜਨਵਰੀ ਤੋਂ ਮੁੜ ਸਕੂਲ ਜਾ ਸਕਣਗੇ ਵਿਦਿਆਰਥੀ

ਟੋਰਾਂਟੋ-  ਕੈਨੇਡਾ ਵਿੱਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੌਨ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਨੇ। ਇਸ ਦੇ ਬਾਵਜੂਦ ਉਨਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਸਕੂਲ ਖੁੱਲ੍ਹਣ ਦੀ ਤਿਆਰੀ ਕਰ ਲਈ ਐ।

ਪ੍ਰੀਮੀਅਰ ਦੇ ਇੱਕ ਬੁਲਾਰੇ ਨੇ ਮੀਡੀਆ ਕੋਲ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨਟਾਰੀਓ ’ਚ 17 ਜਨਵਰੀ ਤੋਂ ਸਕੂਲ ਖੁੱਲ੍ਹ ਜਾਣਗੇ।

ਇਸ ਤੋਂ ਪਹਿਲਾਂ 3 ਜਨਵਰੀ ਨੂੰ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ, ਪਰ ਸਰਕਾਰ ਨੇ 5 ਜਨਵਰੀ ਤੱਕ ਇਹ ਫ਼ੈਸਲਾ ਟਾਲ਼ਦੇ ਹੋਏ ਕਿਹਾ ਸੀ ਕਿ ਇਹ ਦੋ ਦਿਨ ਸਕੂਲਾਂ ਨੂੰ ਇਸ ਲਈ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਆਪਣੇ ਸਟਾਫ਼ ਨੂੰ ਐਨ-95 ਮਾਸਕ ਮੁਹੱਈਆ ਕਰਵਾ ਸਕਣ।

ਇਸ ਤੋਂ ਬਾਅਦ ਪਿਛਲੇ ਹਫ਼ਤੇ ਹੀ ਉਨਟਾਰੀਓ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਸੂਬੇ ਦੇ ਸਾਰੇ ਵਿਦਿਆਰਥੀ 17 ਜਨਵਰੀ ਤੱਕ ਆਪਣੇ ਘਰੋਂ ਹੀ ਆਨਲਾਈਨ ਪੜ੍ਹਾਈ ਕਰਨਗੇ, ਪਰ ਹੁਣ ਫਿਰ ਤੋਂ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉੱਧਰ ਮਹਾਂਮਾਰੀ ਵੀ ਸਿਖਰਾਂ ’ਤੇ ਚੱਲ ਰਹੀ ਹੈ।

ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਉਨਟਾਰੀਓ ਸਰਕਾਰ ਨੇ ਸੂਬੇ ਵਿੱਚ ਓਮੀਕਰੌਨ ਦੇ ਕੇਸ ਵਧਣ ਕਾਰਨ ਸਕੂਲ ਬੰਦ ਕਰਨ ਦਾ ਫ਼ੈਸਲਾ ਲਿਆ ਸੀ।

Share: