ਮੋਹਾਲੀ- ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਹੈ। ਮੋਹਾਲੀ ਪੁਲਿਸ ਨੇ ਇੱਕ ਕਿੱਲੋ ਹੈਰੋਇਨ ਸਮੇਤ ਨਾਈਜੀਰੀਅਨ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੱਕ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਿਲ ਹੈ ਅਤੇ ਰਿਮਾਂਡ ਦੌਰਾਨ ਉਸ ਕੋਲੋਂ ਵੱਡੇ ਪੈਡਲਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਸ੍ਰੀ ਮਾਹਲ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਜਨਵਰੀ ਨੂੰ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਇੱਕ ਫੇਥ ਨਾਮ ਦੀ ਨਾਈਜੀਰੀਅਨ ਔਰਤ ਨੇ ਆਪਣੇ ਗਾਹਕਾਂ ਨੂੰ ਫੇਸ-7 ਮੋਹਾਲੀ ਦੇ ਪਾਰਕ ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਸਪਲਾਈ ਕਰਨੀ ਹੈ। ਖੁਫੀਆ ਇਤਲਾਹ ਦੇ ਆਧਾਰ ਪਰ ਸੀ.ਆਈ.ਏ ਸਟਾਫ਼ ਮੋਹਾਲੀ ਦੀ ਪੁਲਿਸ ਪਾਰਟੀ ਨੇ ਫੇਸ-1 ਮੋਹਾਲੀ ਦੀ ਪਾਰਕ ਵਿਚੋਂ ਇੱਕ ਨਾਈਜ਼ੀਰੀਅਨ ਔਰਤ ਜਿਸ ਨੇ ਆਪਣਾ ਨਾਮ ਫੇਥ,ਦੱਸਿਆ ਨੂੰ ਕਾਬੂ ਕਰਕੇ ਉਸ ਪਾਸੋਂ 01 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਹੋਣ ਪਰ ਦੋਸ਼ਣ ਵਿਰੁੱਧ ਮੁਕੱਦਮਾ ਨੰਬਰ 05 , 13 ਜਨਵਰੀ 2022 ਅ/ਧ 21,61,85 ਐਨ.ਡੀ.ਪੀ.ਐਸ. ਐਕਟ ਥਾਣਾ ਮਟੌਰ ਵਿਖੇ ਦਰਜ ਰਜਿਸਟਰ ਕਰਵਾ ਉਕੱਤ ਨਾਈਜੀਰੀਅਨ ਔਰਤ ਫੈਥ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬ੍ਰਾਮਦ ਹੈਰੋਇਨ ਨੂੰ ਕਬਜੇ ਵਿੱਚ ਲਿਆ ਗਿਆ ਹੈ।
ਦੋਸ਼ਣ ਔਰਤ ਫੈਥ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੈਰੋਇਨ ਦੀ ਤਸਕਰੀ ਦਾ ਕੰਮ ਲੰਮੇ ਸਮੇਂ ਤੋਂ ਕਰਦੀ ਆ ਰਹੀ ਸੀ, ਦੋਸ਼ਣ ਨੇ ਇਹ ਵੀ ਦੱਸਿਆ ਹੈ ਕਿ ਇਹ ਹੈਰੋਇਨ ਦਿੱਲੀ ਤੋਂ ਸਸਤੇ ਭਾਅ ਲਿਆ ਕੇ ਮੋਹਾਲੀ ਅਤੇ ਖਰੜ ਦੇ ਏਰੀਆ ਵਿੱਚ ਮਹਿੰਗੇ ਰੇਟ ਸਪਲਾਈ ਕਰਦੀ ਸੀ। ਉਨ੍ਹਾਂ ਦੱਸਿਆ ਉਕੱਤ ਦੋਸਣ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੈਰੋਇਨ ਦੀ ਸਪਲਾਈ ਕਰਨ ਵਾਲੇ ਮੁੱਖ ਤਸਕਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਹੈਰੋਇਨ ਦੀ ਸਪਲਾਈ ਲਾਈਨ ਨੂੰ ਤੋੜਿਆ ਜਾਵੇਗਾ।ਉਨ੍ਹਾਂ ਕਿਹਾ ਦੋਸ਼ਣ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।