ਚੰਡੀਗੜ੍ਹ: ਪੰਜਾਬ ਰਾਜ ਵਿੱਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (OP Soni) ਨੇ 190 ਮੈਡੀਕਲ ਅਫ਼ਸਰਾਂ ਨੂੰ ਪੰਜਾਬ ਭਵਨ ਵਿਖੇ ਇਕ ਸਮਾਗਮ ਦੌਰਾਨ ਨਿਯੁਕਤੀ ਪੱਤਰ ਸੌਂਪੇ।
ਇਸ ਦੌਰਾਨ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ ਕੁੱਲ 35 ਜੱਚਾ ਬੱਚਾ ਸੈਂਟਰ (21 ਜ਼ਿਲ੍ਹਾ ਹਸਪਤਾਲ, 11 ਸਬ ਡਵੀਜਨਲ ਹਸਪਤਾਲ ਅਤੇ 03 ਕਮਿਊਨਿਟੀ ਹੈਲਥ ਸੈਂਟਰਾਂ) ਬਣਾਏ ਗਏ ਹਨ।
ਇਨ੍ਹਾਂ ਜੱਚਾ ਬੱਚਾ ਸੈਂਟਰਾਂ ਦੇ ਲੇਬਰ ਰੂਮ ਵਿੱਚ 24X7 ਡਾਕਟਰਾਂ ਦੀ ਮੌਜੂਦਗੀ ਸੁਨਿਸ਼ਚਿਤ ਕਰਨ ਲਈ ਇਹ ਭਰਤੀ ਕੀਤੀ ਗਈ ਹੈ। ਇਹਨਾਂ ਤੈਨਾਤੀਆਂ ਨਾਲ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਅਤ ਜਣੇਪਾ ਅਤੇ ਨਵ-ਜੰਮੇ ਬੱਚੇ ਦੀ ਲੌੜੀਂਦੀ ਦੇਖਭਾਲ, ਇਸ ਦੇ ਨਾਲ ਹੀ ਗਰਭਵਤੀ ਔਰਤ ਨੂੰ ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਦੀਆਂ ਸੇਵਾਵਾਂ ਵਧੀਆ ਢੰਗ ਨਾਲ ਦਿੱਤੀਆਂ ਜਾ ਸਕਣਗੀਆਂ।