CM ਚੰਨੀ ਵੱਲੋਂ ਆਂਗਣਵਾੜੀ ਵਰਕਰਾਂ-ਹੈਲਪਰਾਂ ਦੇ ਮਾਸਿਕ ਭੱਤਿਆਂ ‘ਚ ਵਾਧੇ ਦਾ ਐਲਾਨ, ਸਫਾਈ ਸੇਵਕਾਂ ਦੀਆਂ ਨਿਯੁਕਤੀਆਂ

CM ਚੰਨੀ ਵੱਲੋਂ ਆਂਗਣਵਾੜੀ ਵਰਕਰਾਂ-ਹੈਲਪਰਾਂ ਦੇ ਮਾਸਿਕ ਭੱਤਿਆਂ ‘ਚ ਵਾਧੇ ਦਾ ਐਲਾਨ, ਸਫਾਈ ਸੇਵਕਾਂ ਦੀਆਂ ਨਿਯੁਕਤੀਆਂ

ਮੋਰਿੰਡਾ/ਚੰਡੀਗੜ੍ਹ:  ਮੁੱਖ ਮੰਤਰੀ (CM Punjab) ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਅੱਜ ਆਂਗਣਵਾੜੀ ਵਰਕਰਾਂ ਦੀ ਭਲਾਈ ਲਈ ਸੂਬੇ ਭਰ ਦੀਆਂ 53000 ਤੋਂ ਵੱਧ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ (Anganwadi Worker-Helper) ਦੇ ਮਾਸਿਕ ਮਾਣ ਭੱਤੇ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਹ ਸਾਰੇ ਕਰਮਚਾਰੀ ਹੁਣ 1 ਜਨਵਰੀ, 2023 ਤੋਂ ਆਪਣੇ ਸਾਲਾਨਾ ਮਾਣ ਭੱਤੇ ਵਿੱਚ ਨਿਯਮਤ ਵਾਧੇ ਲਈ ਯੋਗ ਹੋਣਗੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ 67 ਸਫ਼ਾਈ ਸੇਵਕਾਂ ਨੂੰ ਨਿਯੁਕਤੀ (Channi Appoint Job letter to cleaners) ਪੱਤਰ ਵੀ ਵੰਡੇ।

ਮੋਰਿੰਡਾ ਦੀ ਅਨਾਜ ਮੰਡੀ ਵਿਖੇ ਆਂਗਣਵਾੜੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਤੋਂ ਆਂਗਣਵਾੜੀ ਵਰਕਰਾਂ ਦੀ ਮਾਸਿਕ ਤਨਖਾਹ 8100 ਰੁਪਏ ਤੋਂ ਵਧਾ ਕੇ 9500 ਰੁਪਏ, ਮਿੰਨੀ ਆਂਗਣਵਾੜੀ ਵਰਕਰਾਂ ਨੂੰ 5300 ਰੁਪਏ ਤੋਂ ਵਧਾ ਕੇ 6300 ਰੁਪਏ ਅਤੇ ਹੈਲਪਰਾਂ ਦੀ ਤਨਖਾਹ 4050 ਰੁਪਏ ਤੋਂ ਵਧਾ ਕੇ 5100 ਰੁਪਏ ਕੀਤੀ ਜਾਵੇਗੀ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਦੇ ਮਾਣਭੱਤੇ ਵਿੱਚ ਹਰ ਸਾਲ 500 ਰੁਪਏ ਦਾ ਵਾਧਾ ਕੀਤਾ ਜਾਵੇਗਾ ਜਦਕਿ ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ 250 ਰੁਪਏ ਦਾ ਵਾਧਾ ਕੀਤਾ ਜਾਵੇਗਾ।

ਸਾਲਾਨਾ ਵਾਧਾ 1 ਜਨਵਰੀ, 2023 ਤੋਂ ਨਿਯਮਤ ਤੌਰ ‘ਤੇ ਲਾਗੂ ਕੀਤਾ ਜਾਵੇਗਾ

ਆਂਗਣਵਾੜੀ ਵਰਕਰਾਂ ਨੂੰ ਸੂਬੇ ਦੀ ਪ੍ਰਸ਼ਾਸਨਿਕ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਮੁੱਖ ਮੰਤਰੀ ਨੇ ਦੁਹਰਾਇਆ ਕਿ ਔਰਤਾਂ ਦੀ ਭਲਾਈ ਅਤੇ ਉਨ੍ਹਾਂ ਦਾ ਸਸ਼ਕਤੀਕਰਨ ਸੂਬਾ ਸਰਕਾਰ ਦੀ ਤਰਜੀਹ ਹੈ। ਚੰਨੀ ਨੇ ਕਿਹਾ, “ਇਸ ਤੋਂ ਪਹਿਲਾਂ ਵੀ, ਸਮਾਜ ਦੇ ਇਸ ਮਹੱਤਵਪੂਰਨ ਵਰਗ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਦੇ ਹਿੱਸੇ ਵਜੋਂ 67000 ਤੋਂ ਵੱਧ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਦੀਆਂ ਮਾਸਿਕ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਸੀ।”

ਹਾਲ ਹੀ ਵਿੱਚ ਕੋਵਿਡ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਕਿਸੇ ਵੀ ਗੰਭੀਰ ਸਥਿਤੀ ਦਾ ਸਾਹਮਣਾ ਕਰਨ ਲਈ ਪੰਜਾਬ ਸਰਕਾਰ ਕੋਲ ਢੁਕਵਾਂ ਸਿਹਤ ਸੰਭਾਲ ਬੁਨਿਆਦੀ ਢਾਂਚਾ ਮੌਜੂਦ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਨੇ ਇਸ ਵਾਧੇ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਆਂਗਣਵਾੜੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਲੋੜ ਦੀ ਘੜੀ ਵਿੱਚ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਤਰਨਤਾਰਨ ਦੇ ਵਿਧਾਇਕ ਧਰਮਬੀਰ ਅਗਨੀਹੋਤਰੀ, ਆਂਗਣਵਾੜੀ ਆਗੂ ਹਰਗੋਬਿੰਦ ਕੌਰ, ਊਸ਼ਾ ਰਾਣੀ ਅਤੇ ਸਰੋਜ ਛਪੜੀਵਾਲ ਹਾਜ਼ਰ ਸਨ।

Share: