ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨਵੀਂ ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਦੀ ਉਸਾਰੀ ਲਈ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਵੱਲੋਂ ਅਲਾਟ ਕੀਤੀ ਵਾਲੀ ਜ਼ਮੀਨ ‘ਤੇ ਆਉਣ ਵਾਲਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਪਿੰਡ ਤੁਗਲਕਾਬਾਦ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਅਤੇ ਸਮਾਧੀ ਨੂੰ ਬਦਕਿਸਮਤੀ ਨਾਲ ਅਗਸਤ, 2019 ਦੌਰਾਨ ਢਾਹ ਦਿੱਤਾ ਗਿਆ ਸੀ। ਪੁਰਾਤਨ ਕਥਾਵਾਂ ਅਨੁਸਾਰ ਗੁਰੂ ਰਵਿਦਾਸ ਜੀ, ਮੁਗਲ ਬਾਦਸ਼ਾਹ ਸਿਕੰਦਰ ਲੋਧੀ ਦੇ ਸ਼ਾਸਨ ਦੌਰਾਨ 1509 ਈ. ਦੇ ਲਗਪਗ ਇਸ ਪਵਿੱਤਰ ਸਥਾਨ ਵਿਖੇ ਆਏ ਸਨ।
ਮੁੱਖ ਮੰਤਰੀ ਚੰਨੀ ਨੇ ਅੱਗੇ ਦੱਸਿਆ ਕਿ ਡੀ.ਡੀ.ਏ. ਨੇ ਹਾਲ ਹੀ ਵਿੱਚ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਚਮਾਰਵਾਲਾ ਜੌਹਰ ਤੁਗਲਕਾਬਾਦ ਕਮੇਟੀ ਨੂੰ 400 ਵਰਗ ਮੀਟਰ ਜ਼ਮੀਨ ਲੈਣ ਲਈ 30 ਸਾਲਾਂ ਦੇ ਪੂੰਜੀਗਤ ਕਿਰਾਏ ਸਮੇਤ 4.33 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਾਉਣ ਲਈ ਕਿਹਾ ਸੀ। ਜ਼ਮੀਨ ਦਾ ਭਾਅ ਜ਼ਿਆਦਾ ਹੋਣ ਕਾਰਨ ਇਹ ਰਕਮ ਜ਼ਿਆਦਾ ਸੀ, ਇਸ ਲਈ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਵੱਖ-ਵੱਖ ਵਫ਼ਦਾਂ ਨੇ ਸੂਬਾ ਸਰਕਾਰ ਵੱਲੋਂ ਲੋੜੀਂਦੇ ਯੋਗਦਾਨ ਦੀ ਮੰਗ ਲਈ ਉਨ੍ਹਾਂ ਕੋਲ ਪਹੁੰਚ ਕੀਤੀ ਹੈ।