ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ, ‘‘ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਖਾਲੀ ਖਜ਼ਾਨਾ ਭਰਿਆ ਜਾਵੇਗਾ ਅਤੇ ਪਾਰਟੀ ਸਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨ ਦੇ ਨਾਲ- ਨਾਲ ਸੂਬੇ ਦਾ ਪੰਜਾਬ ਸਿਰ ਚੜ੍ਹਿਆ 3 ਲੱਖ ਕਰੋੜ ਤੋਂ ਵੱਧਦਾ ਕਰਜਾ ਵੀ ਉਤਾਰਿਆ ਜਾਵੇਗਾ।’’ ਮਾਨ ਨੇ ਇਹ ਦਾਅਵਾ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕਰਜੇ ਵਿੱਚ ਡੁਬਦਾ ਜਾ ਰਿਹਾ ਹੈ, ਪਰ ਪੰਜਾਬ ’ਤੇ ਰਾਜ ਕਰਨ ਵਾਲੇ ਆਗੂਆਂ ਦਾ ਖਜ਼ਾਨਾ ਅਤੇ ਜਾਇਦਾਦ ਵਧਦੀ ਜਾ ਰਹੀ ਹੈ।
ਭਗਵੰਤ ਮਾਨ ਨੇ ਕਿਹਾ, ‘‘ਅੱਜ ਪੰਜਾਬ ਸਿਰ ਤਿੰਨ ਲੱਖ ਕਰੋੜ ਤੋ ਵੱਧ ਦਾ ਕਰਜਾ ਹੈ ਅਤੇ ਪੰਜਾਬ ਦੀ ਆਬਾਦੀ ਵੀ ਤਿੰਨ ਕਰੋੜ ਹੈ। ਇਸ ਤਰ੍ਹਾਂ ਹਰੇਕ ਪੰਜਾਬੀ ਦੇ ਸਿਰ ਇੱਕ ਲੱਖ ਦਾ ਕਰਜਾ ਕਰਜਾ ਹੈ, ਮਤਲਬ ਪੰਜਾਬ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਕਰਜਈ ਪੈਦਾ ਹੋ ਰਿਹਾ ਹੈ। ਇਹ ਕਿਵੇਂ ਹੋਇਆ? ਜਦੋਂ ਕਿ ਪੰਜਾਬ ਦੇ ਲੋਕ ਇਮਾਨਦਾਰੀ ਨਾਲ ਟੈਕਸ ਦੇ ਰਹੇ ਹਨ।’’
ਉਨ੍ਹਾਂ ਕਿਹਾ ਕਿ ਪੰਜਾਬ ’ਤੇ ਰਾਜ ਕਰਦੇ ਆ ਰਹੇ ਵਾਲੇ ਘਰਾਣਿਆਂ ਅਤੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਦੀ ਜਾਇਦਾਦ ਲਗਾਤਾਰ ਵੱਧ ਰਹੀ ਹੈ। ਹਾਕਮ ਧਿਰ ਦੇ ਆਗੂਆਂ ਨੇ ਪੰਜ ਅਤੇ ਸੱਤ ਤਾਰਾ ਵੱਡੇ- ਵੱਡੇ ਹੋਟਲ, ਮਹੱਲ- ਮੁਨਾਰੇ ਅਤੇ ਸਾਪਿੰਗ ਮਾਲ ਉਸਾਰ ਲਏ ਹਨ, ਜੋ ਸਾਨੂੰ ਨਜ਼ਰ ਆ ਰਹੇ ਹਨ। ਇਸ ਤੋਂ ਬਿਨ੍ਹਾਂ ਵਿਦੇਸ਼ਾਂ ’ਚ ਜ਼ਮੀਨਾਂ, ਇਮਾਰਤਾਂ ਖਰੀਦਣ ਸਮੇਤ ਵਿਦੇਸ਼ੀ ਬੈਂਕਾਂ ਵਿੱਚ ਖਾਤੇ ਵੱਧਾ ਲਏ ਹਨ, ਜੋ ਸਾਨੂੰ ਦਿਸਦੇ ਹੀ ਨਹੀਂ। ਲੀਡਰਾਂ ਦੀਆਂ ਬੱਸਾਂ ਦੀ ਗਿਣਤੀ ਸੈਂਕੜਿਆਂ ’ਚ ਵੱਧ ਗਈ ਹੈ, ਜਦੋਂ ਸਰਕਾਰੀ ਬੱਸਾਂ ਅਤੇ ਰੂਟਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਪੰਜਾਬ ਦੇ ਇਨ੍ਹਾਂ ਸੱਤਾਧਾਰੀ ਦਲਾਂ ਦਾ ਇੱਕ ਵੀ ਆਗੂ ਗਰੀਬ ਨਹੀਂ ਹੋਇਆ, ਕਿਉਂਕਿ ਮਾਫੀਆ ਰਾਜ ਰਾਹੀਂ ਇਨ੍ਹਾਂ ਭ੍ਰਿਸ਼ਟਾਚਾਰੀਆਂ ਨੇ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਵਾਰੀ ਬੰਨ ਕੇ ਲੁੱਟਿਆ ਹੈ।