ਖੇਤੀ ਕਾਨੂੰਨਾਂ ਦੀ ਜਿੱਤ ਤੋਂ ਬਾਅਦ ਪਹਿਲੀ ਵਾਰ ਘਰ ਪਰਤਣਗੇ ਬਰਨਾਲਾ ਦੇ ਇਹ ਕਿਸਾਨ

ਖੇਤੀ ਕਾਨੂੰਨਾਂ ਦੀ ਜਿੱਤ ਤੋਂ ਬਾਅਦ ਪਹਿਲੀ ਵਾਰ ਘਰ ਪਰਤਣਗੇ ਬਰਨਾਲਾ ਦੇ ਇਹ ਕਿਸਾਨ

ਬਰਨਾਲਾ: ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਲੜਾਈ ਦੇਸ਼ ਦੇ ਕਿਸਾਨਾਂ ਨੇ ਜਿੱਤ ਲਈ ਹੈ। ਇਸ ਸੰਘਰਸ਼ ਵਿੱਚ ਪੰਜਾਬ ਦੇ ਕਿਸਾਨਾਂ ਦਾ ਅਹਿਮ ਰੋਲ ਰਿਹਾ। ਜਿੱਥੇ ਲਗਾਤਾਰ ਇੱਕ ਸਾਲ ਤੋਂ ਦਿੱਲੀ ਦੀਆਂ ਹੱਦਾਂ ਤੇ ਲੱਗੇ ਪੱਕੇ ਮੋਰਚਿਆਂ ਵਿੱਚ ਕਿਸਾਨਾਂ ਦੇ ਕਾਫ਼ਲਿਆਂ ਦਾ ਆਉਣ ਜਾਣ ਪੰਜਾਬ ਤੋਂ ਜਾਰੀ ਰਿਹਾ। ਉਥੇ ਕੁੱਝ ਕਿਸਾਨ ਅਜਿਹੇ ਵੀ ਦ੍ਰਿੜ ਇਰਾਦੇ ਵਾਲੇ ਸਨ, ਜੋ 26 ਨਵੰਬਰ 2020 ਨੂੰ ਇੱਕ ਵਾਰ ਦਿੱਲੀ ਮੋਰਚੇ ਵਿੱਚ ਚਲੇ ਗਏ ਅਤੇ ਜਿੱਤ ਤੱਕ ਵਾਪਸ ਘਰ ਨਾ ਮੁੜਨ ਦੀ ਅਰਦਾਸ ਕਰਕੇ ਮੋਰਚੇ ਵਿੱਚ ਡਟ ਗਏ। ਬਰਨਾਲਾ ਜਿਲ੍ਹੇ ਦੇ ਵੀ ਕੁੱਝ ਅਜਿਹੇ ਦ੍ਰਿੜ ਕਿਸਾਨ ਹਨ।

ਪਿੰਡ ਸੁਖਪੁਰਾ ਦਾ 52 ਸਾਲਾ ਬਲਵਿੰਦਰ ਸਿੰਘ ਕੋਰੋਨਾ ਦੇ ਡਰ ਕਾਰਨ ਘਰ ਤੋਂ ਨਹੀਂ ਨਿਕਲਿਆ। ਪਰ ਜਿਵੇਂ ਹੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਆਪਣੀ ਹੋਂਦ ਦੀ ਇਸ ਲੜਾਈ ਵਿੱਚ ਸਭ ਤੋਂ ਅੱਗੇ ਤੋਂ ਕੇ ਡਟਿਆ। ਅਪਹਾਜ਼ ਹੋਣ ਦੇ ਬਾਵਜੂਦ ਉਸਨੇ ਆਪਣਾ ਇੱਕ ਸਾਲ ਦਿੱਲੀ ਮੋਰਚੇ ਤੇ ਗੁਜ਼ਾਰਿਆ। ਜਿੱਥੇ ਵਿਸ਼ੇ਼ਸ ਤੌਰ ਤੇ ਟਿੱਕਰੀ ਬਾਰਡਰ ਦੀ ਸਟੇਜ਼ ਤੋਂ ਬਲਵਿੰਦਰ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਉਸਦੇ ਭਤੀਜੇ ਸੁਰਜੀਤ ਮਾਨ ਨੇ ਦੱਸਿਆ ਕਿ ਪਰਿਵਾਰ ਅਤੇ ਬੱਚੇ ਉਹਨਾਂ ਨੂੰ ਮਿਲਣ ਟਿੱਕਰੀ ਬਾਰਡਰ ਤੇ ਹੀ ਗਏ। ਘਰ ਵਾਪਸੀ ਬਾਰੇ ਪੁੱਛਣ ਤੇ ਬਲਵਿੰਦਰ ਨੇ ਜਿੱਤ ਤੱਕ ਮੋਰਚੇ ਵਿੱਚ ਰਹਿਣ ਦੀ ਗੱਲ ਆਖੀ ਸੀ।

ਪਿੰਡ ਛੀਨੀਵਾਲ ਕਲਾਂ ਦਾ 75 ਸਾਲਾ ਮੇਜਰ ਸਿੰਘ ਵੀ ਇੱਕ ਦਿਨ ਘਰ ਨਹੀਂ ਮੁੜਿਆ। ਭਾਕਿਯੂ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਜਗਸੀਰ ਛੀਨੀਵਾਲ ਨੇ ਦੱਸਿਆ ਕਿ ਪੂਰਾ ਪਿੰਡ ਮੇਜਰ ਸਿੰਘ ਤੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਉਸਦਾ ਅੰਦੋਲਨ ਜਿੱਤ ਕੇ ਪਿੰਡ ਪੁੱਜਣ ਤੇ ਪਿੰਡ ਵਾਸੀ ਸਵਾਗਤ ਤੇ ਸਨਮਾਨ ਲਈ ਤਿਆਰ ਬੈਠੇ ਹਨ। ਮਹਿਲ ਖ਼ੁਰਦ ਦੀ 92 ਸਾਲਾ ਬੇਬੇ ਭਗਵਾਨ ਕੌਰ ਵੀ 11 ਮਹੀਨੇ ਮੋਰਚੇ ਵਿੱਚ ਲਗਾ ਕੇ ਘਰ ਪਰਤੀ ਹੈ।

ਇਸੇ ਤਰ੍ਹਾਂ ਭਾਕਿਯੂ ਉਗਰਾਹਾਂ ਦੇ ਕਾਫ਼ਲਿਆਂ ਨਾਲ ਪਹਿਲੇ ਦਿਨ ਤੋਂ ਗਏ ਕੇਵਲ ਸਿੰਘ ਧਨੌਲਾ (62 ਸਾਲ) ਅਤੇ ਗੁਰਬਚਨ ਸਿੰਘ ਉਗੋਕੇ (60) ਵੀ ਜਿੱਤ ਲਈ ਮੋਰਚੇ ਨੂੰ ਸਮਰਪਿੱਤ ਹੋ ਕੇ ਦਿੱਲੀ ਡਟੇ ਰਹੇ।  ਜੱਥੇਬੰਦੀ ਆਗੂ ਮੱਖਣ ਭਦੌੜ ਨੇ ਦੱਸਿਆ ਕਿ ਇਹਨਾਂ ਦ੍ਰਿੜ ਇਰਾਦੇ ਵਾਲੇ ਯੋਧਿਆਂ ਅੱਗੇ ਮੋਦੀ ਸਰਕਾਰ ਨੂੰ ਹਰ ਹਾਲ ਗੋਢੇ ਟੇਕਣੇ ਹੀ ਪੈਣੇ ਸਨ।

Share: