ਮਾਮਲਾ ਕਿਸਾਨੀ ਮਸਲੇ ਹੱਲ ਨਾ ਕਰਨ ਦਾ, ਯੂਨੀਅਨ ਵੱਲੋਂ ਮਿੰਨੀ ਸਕੱਤਰੇਤ ਦਾ ਘਿਰਾਓ ਮੋਰਚਾ ਜਾਰੀ..!

ਮਾਮਲਾ ਕਿਸਾਨੀ ਮਸਲੇ ਹੱਲ ਨਾ ਕਰਨ ਦਾ, ਯੂਨੀਅਨ ਵੱਲੋਂ ਮਿੰਨੀ ਸਕੱਤਰੇਤ ਦਾ ਘਿਰਾਓ ਮੋਰਚਾ ਜਾਰੀ..!

ਬਠਿੰਡਾ : ਸ਼ਹਿਰ ਬਠਿੰਡਾ ਦੇ ਹਾਲਾਤ ਲੋਕਾਂ ਲਈ ਮੁਸ਼ਕਲਾਂ ਭਰੇ ਬਣੇ ਹੋਏ ਹਨ, ਮਿੰਨੀ ਸਕੱਤਰੇਤ ਵਿੱਚ ਕੰਮ ਕਾਜ ਲਈ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਤੋਂ ਕਿਸਾਨੀ ਮਸਲੇ ਹੱਲ ਨਾ ਹੋਣ ਕਰਕੇ ਮਿੰਨੀ ਸਕੱਤਰੇਤ ਦੇ ਕੀਤੇ ਗਏ ਘਿਰਾਓ ਵਾਲਾ ਮੋਰਚਾ ਲਗਾਤਾਰ ਜਾਰੀ ਹੈ ਅਤੇ ਅੱਜ ਫਿਰ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਦੇ ਸਾਰੇ ਗੇਟ ਬੰਦ ਕਰ ਦਿੱਤੇ, ਇੱਥੋਂ ਤੱਕ ਕਿ ਉੱਚ ਅਫ਼ਸਰ ਵੀਹ ਮਿੰਨੀ ਸਕੱਤਰੇਤ ਵਿਚ ਬੰਦ ਰਹੇ, ਦੂਜੇ ਪਾਸੇ ਸ਼ਹਿਰ ਦੀਆਂ ਸੜਕਾਂ ਵੀ ਪੂਰੀ ਤਰ੍ਹਾਂ ਜਾਮ ਹਨ, ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।  ਹੈਰਾਨਗੀ ਇਸ ਗੱਲ ਦੀ ਹੈ ਕਿ ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਧਿਆਨ ਨਹੀਂ ਸ਼ਹਿਰ ਵਾਸੀ ਤੇ ਬਠਿੰਡਾ ਵਿਚ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਕਿਸਾਨੀ ਮਸਲੇ 17 ਹਜ਼ਾਰ ਰੁਪਏ ਨੁਕਸਾਨ ਮੁਆਵਜ਼ਾ, ਕਰਜ਼ਾ ਮੁਆਫੀ, ਖਾਦ ਮਿਲਣੀ ਯਕੀਨੀ ਬਣਾਉਣ ਸਮੇਤ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ੇ ਵਾਲੇ ਮਸਲੇ ਹੱਲ ਨਹੀਂ ਕਰਦੀ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਯੂਨੀਅਨ ਨਾਲ ਮੀਟਿੰਗ ਦਾ ਸਮਾਂ ਤੈਅ ਕਰਦੇ ਹਨ ਫਿਰ ਵਿਅਸਤ ਹੋਣ ਦਾ ਬਹਾਨਾ ਲਾ ਕੇ ਮੀਟਿੰਗਾਂ ਦਾ ਸਮਾਂ ਅੱਗੇ ਪਾ ਦਿੰਦੇ ਹਨ, ਜੇਕਰ ਮੁੱਖ ਮੰਤਰੀ ਨਾਲ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਮਸਲੇ ਹੱਲ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਸ਼ਹਿਰ ਵਾਸੀ ਨਿਰਮਲ ਸਿੰਘ, ਅਮਰੀਕ ਸਿੰਘ, ਜਗਜੀਤ ਸਿੰਘ, ਸੁਰੇਸ਼ ਕੁਮਾਰ ਨੇ ਕਿਹਾ ਕਿ ਧਰਨੇ ਲਾਉਣਾ, ਹੱਕ ਮੰਗਣਾ ਹਰ ਵਿਅਕਤੀ ਦਾ ਫਰਜ਼ ਹੈ ਪਰ ਆਮ ਲੋਕਾਂ ਨੂੰ ਦੁਬਿਧਾ ਵਿੱਚ ਮੁਸ਼ਕਲਾਂ ਵਿੱਚ ਪਾ ਕੇ ਆਪਣੇ ਮਸਲੇ ਹੱਲ ਕਰਨਾ ਵੀ ਠੀਕ ਨਹੀਂ, ਧਰਨੇ ਮੁਜ਼ਾਹਰਿਆਂ ਲਈ ਕੋਈ ਜਗ੍ਹਾ ਨਿਸ਼ਚਿਤ ਹੋਣੀ ਚਾਹੀਦੀ ਹੈ ।

Share: