ਦਿੱਲੀ ਵਿਚ ‘ਮਿੰਨੀ ਲੌਕਡਾਊਨ’ ਪਿੱਛੋਂ ਹੋਰ ਸੂਬਿਆਂ ਵਿਚ ਵੀ ਸਖਤੀ ਦੀ ਤਿਆਰੀ

ਦਿੱਲੀ ਵਿਚ ‘ਮਿੰਨੀ ਲੌਕਡਾਊਨ’ ਪਿੱਛੋਂ ਹੋਰ ਸੂਬਿਆਂ ਵਿਚ ਵੀ ਸਖਤੀ ਦੀ ਤਿਆਰੀ

ਕਰੋਨਾਵਾਇਰਸ ਅਤੇ ਇਸ ਮਹਾਮਾਰੀ ਦੇ ਨਵੇਂ ਸਰੂਪ ਓਮੀਕਰੋਨ ਦੇ ਤੇਜ਼ੀ ਨਾਲ ਵਧਦੇ ਕੇਸਾਂ ਦੇ ਮੱਦੇਨਜ਼ਰ ਵੱਖ-ਵੱਖ ਸੂਬਿਆਂ ਨੇ ਪਾਬੰਦੀਆਂ ਦਾ ਦਾਇਰਾ ਵਧਾ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ‘ਯੈਲੋ’ ਅਲਰਟ ਜਾਰੀ ਕੀਤਾ ਹੈ ਅਤੇ ਜਿਸ ਤਹਿਤ ਕੌਮੀ ਰਾਜਧਾਨੀ ’ਚ ਰਾਤ ਦਸ ਵਜੇ ਤੋਂ ਸਵੇਰੇ 5 ਵਜੇ ਤੱਕ ਰਾਤਰੀ ਕਰਫਿਊ ਲਾਗੂ ਰਹੇਗਾ।

ਸਕੂਲ, ਕਾਲਜ, ਸਿਨੇਮਾ ਤੇ ਜਿਮ ਬੰਦ ਰਹਿਣਗੇ, ਗ਼ੈਰਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਜਿਸਤ-ਟਾਂਕ (ਔਡ-ਈਵਨ) ਦੇ ਆਧਾਰ ’ਤੇ ਖੁੱਲ੍ਹਣਗੀਆਂ ਤੇ ਮੈਟਰੋ ਤੇ ਬੱਸਾਂ 50 ਫੀਸਦ ਦੀ ਸਮਰੱਥਾ ਨਾਲ ਚੱਲਣਗੀਆਂ।

ਇਸ ਤੋਂ ਇਲਾਵਾ ਉਤਰ ਪ੍ਰਦੇਸ਼ ਸਰਕਾਰ ਨੇ ਯੂਪੀ ਨੂੰ ਕੋਰੋਨਾ ਪ੍ਰਭਾਵਿਤ ਰਾਜ ਐਲਾਨ ਦਿੱਤਾ ਹੈ। ਪੰਜਾਬ ਵਿਚ ਵੀ ਕੁਜ ਪਾਬੰਦੀਆਂ ਵਧਾਈਆਂ ਗਈਆਂ ਹਨ। ਪੰਜਾਬ ਸਰਕਾਰ (Punjab Covid-19 guidelines) ਨੇ ਮੰਗਲਵਾਰ ਨੂੰ ਨਵੀਆਂ ਪਾਬੰਦੀਆਂ ਲਗਾਈਆਂ ਹਨ ਅਤੇ ਸਾਰਿਆਂ ਲਈ ਜਨਤਕ ਥਾਵਾਂ ‘ਤੇ ਪਹੁੰਚ ਕਰਨ ਲਈ ਕੋਵਿਡ ਵੈਕਸੀਨ ਨੂੰ ਲਾਜ਼ਮੀ ਕਰ ਦਿੱਤਾ ਹੈ।

ਬਗੈਰ ਫੁੱਲ ਵੈਕਸੀਨੇਸ਼ਨ ਤੋਂ ਬੱਸਾਂ ‘ਚ ਸਫ਼ਰ ਨਹੀਂ ਕਰ ਸਕਦੇ ਯਾਤਰੀ। ਡਬਲ ਡੋਜ਼ ਵਾਲੇ ਹੀ ਬੱਸਾਂ ‘ਚ ਸਫ਼ਰ ਕਰ ਸਕਦੇ ਹਨ। ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ ‘ਚ ਐਂਟਰੀ ਨਹੀਂ ਹੋਵੇਗੀ। 15 ਜਨਵਰੀ ਤੋਂ ਸਖ਼ਤੀਆਂ ਲਾਗੂ ਹੋਣਗੀਆਂ। ਸਿਨੇਮਾ, ਰੈਸਟੋਰੈਂਟ, ਹੋਟਲ ਬਾਰ ਜਿੰਮ ਤੇ ਵੀ ਨਿਯਮ ਲਾਗੂ ਹੋਣਗੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਕੋਵਿਡ-19 ਦੀ ਸਥਿਤੀ ਸਮੀਖਿਆ ਕਰਨ ਤੋਂ ਬਾਅਦ ਕਿਹਾ ਕਿ ਦਿੱਲੀ ਵਿੱਚ ਕਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਵਿੱਚ ਲਾਗ ਦੇ ਹਲਕੇ ਲੱਛਣ ਹਨ।

ਦਿੱਲੀ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਅਨੁਸਾਰ ਗੈਰਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀਆਂ ਦੁਕਾਨਾਂ ਤੇ ਅਦਾਰੇ, ਮਾਲਜ਼ ਜਿਸਤ-ਟਾਂਕ ਫਾਰਮੂਲੇ ਦੇ ਆਧਾਰ ’ਤੇ ਸਵੇਰੇ 10 ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੇ। ਵਿਆਹ ਸਮਾਗਮਾਂ ਤੇ ਸਸਕਾਰ ਮੌਕੇ 20 ਵਿਅਕਤੀਆਂ ਦੀ ਹਾਜ਼ਰੀ ਦੀ ਆਗਿਆ ਹੋਵੇਗੀ ਜਦਕਿ ਹੋਰ ਸਮਾਜਿਕ, ਰਾਜਨੀਤਕ, ਸੱਭਿਆਚਾਰਕ, ਧਾਰਮਿਕ ਤੇ ਤਿਉਹਾਰਾਂ ਨਾਲ ਸਬੰਧਤ ਸਮਾਗਮਾਂ ਵਿੱਚ ਇਕੱਠ ਦੀ ਮਨਾਹੀ ਹੋਵੇਗੀ।

ਨਾਲ ਹੀ ਦਿੱਲੀ ਮੈਟਰੋ 50 ਫੀਸਦ ਮੁਸਾਫਰਾਂ ਦੇ ਬੈਠਣ ਦੀ ਸਮਰੱਥਾ ਨਾਲ ਚੱਲੇਗੀ, ਆਟੋ ਰਿਕਸ਼ਾ ਤੇ ਕੈਬ ਦੋ ਯਾਤਰੀਆਂ ਨੂੰ ਲਿਜਾ ਸਕਦੇ ਹਨ। ਬੱਸਾਂ ਵੀ 50 ਫੀਸਦ ਮੁਸਾਫਰਾਂ ਦੀ ਸਮਰੱਥਾ ਨਾਲ ਚੱਲਣਗੀਆਂ। ਇਸ ਦੌਰਾਨ, ਰਿਹਾਇਸ਼ੀ ਕੰਪਲੈਕਸ ਤੇ ਆਸ-ਪਾਸ ਦੇ ਖੇਤਰਾਂ ਸਮੇਤ ਸਾਰੀਆਂ ਇਕੱਲੀਆਂ ਦੁਕਾਨਾਂ ਨੂੰ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਆਗਿਆ ਹੈ। ਰੈਸਟੋਰੈਂਟ ਸਵੇਰੇ 8 ਤੋਂ ਰਾਤ ਦਸ ਵਜੇ ਤੱਕ ਜਦਕਿ ਬਾਰ ਦੁਪਹਿਰ 12 ਤੋਂ ਰਾਤ ਦਸ ਵਜੇ ਤੱਕ 50 ਫੀਸਦ ਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਪ੍ਰਾਈਵੇਟ ਦਫਤਰਾਂ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 50 ਫੀਸਦ ਸਟਾਫ ਨਾਲ ਕੰਮ ਕਰਨ ਦੀ ਆਗਿਆ ਹੈ। ਸਕੂਲ, ਕਾਲਜ, ਸਪੋਰਟਸ ਕੰਪਲੈਕਸ, ਸਿਨੇਮਾ ਹਾਲ, ਸਪਾ ਤੇ ਮੈਰਿਜ ਹਾਲ ਬੰਦ ਰਹਿਣਗੇ।

Share: