ਬਠਿੰਡਾ : ਅੰਤਾਂ ਦੀ ਮਹਿੰਗਾਈ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਲਗਾਤਾਰ ਆਰਥਿਕ ਕਟੌਤੀਆਂ ਕਰਨ ਤੇ ਮੁਲਾਜ਼ਮ ਵਰਗ ਵੱਡੀ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ।ਬਠਿੰਡਾ ਜ਼ਿਲ੍ਹੇ ਵਿੱਚ ਸੰਯੁਕਤ ਅਧਿਆਪਕ ਫਰੰਟ ਦੀ ਅਗਵਾਈ ਵਿੱਚ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਅਧਿਆਪਕਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕਰਦਿਆਂ ਨਾਅਰੇਬਾਜ਼ੀ ਕੀਤੀ । ਸੰਯੁਕਤ ਅਧਿਆਪਕ ਫਰੰਟ ਬਠਿੰਡਾ ਦੇ ਆਗੂ ਰੇਸ਼ਮ ਸਿੰਘ, ਵਿਕਾਸ ਗਰਗ ਅਤੇ ਨਵਚਰਨਪ੍ਰੀਤ ਨੇ ਪੰਜਾਬ ਸਰਕਾਰ ਉੱਪਰ ਦੋਸ਼ ਲਾਇਆ ਕਿ ਸਰਕਾਰ ਲਗਾਤਾਰ ਮੁਲਾਜ਼ਮ ਵਿਰੋਧੀ ਫੈਸਲੇ ਲੈ ਕੇ ਮੁਲਾਜ਼ਮਾਂ ਨੂੰ ਪਹਿਲਾਂ ਤੋਂ ਮਿਲ ਰਹੇ ਭੱਤਿਆਂ ਤੇ ਕੱਟ ਲਾ ਰਹੀ ਹੈ ।ਪਿਛਲੇ ਕੀਤੇ ਚੋਣ ਵਾਅਦਿਆਂ ਤੋਂ ਸਰਕਾਰ ਪੂਰੀ ਤਰ੍ਹਾਂ ਭੱਜ ਚੁੱਕੀ ਹੈ ।ਸਰਕਾਰ ਵੱਲੋਂ ਅਪਹਾਜ ਮੁਲਾਜ਼ਮ ਨੂੰ ਮਿਲਦੇ ਹੈਂਡੀਕੈਪ ਅਲਾਊਂਸ ਵੀ ਬੰਦ ਕਰ ਦਿੱਤਾ ਗਿਆ ਹੈ ।
ਪੰਜਾਬ ਵਿੱਚ ਵੱਖ ਵੱਖ ਵਿਭਾਗਾਂ ਦੇ ਵੱਡੀ ਗਿਣਤੀ ਵਿਚ ਮੁਲਾਜ਼ਮ ਪਿੰਡਾਂ ਵਿੱਚ ਸੇਵਾ ਨਿਭਾ ਰਹੇ ਹਨ ਨੂੰ ਸਰਕਾਰ ਨੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਦਾ ਪੇਂਡੂ ਭੱਤਾ ਵੀ ਫਰੀਜ਼ ਕਰ ਦਿੱਤਾ ਹੈ । 01/01/2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਪ੍ਰਵੇਸ਼ ਨਲ ਪੀਰਡ ਦੇ ਲੱਖਾਂ ਰੁਪਏ ਦੇ ਬਕਾਏ ਦੇਣ ਤੋਂ ਸਰਕਾਰ ਮੁਨਕਰ ਹੋਈ ਹੈ ।ਅਧਿਆਪਕ ਆਗੂ ਬਲਜਿੰਦਰ ਸਿੰਘ,ਅਨੰਦ ਸਿੰਘ, ਜਗਦੀਸ਼ ਕੁਮਾਰ ਜੱਗੀ ਨੇ ਆਖਿਆ ਕਿ ਇਕ ਪਾਸੇ ਚੰਨੀ ਸਰਕਾਰ ਘਰ ਘਰ ਦੇ ਮਸਲੇ ਹੱਲ ਕਰਨ ਦਾ ਦਾਅਵਾ ਕਰ ਰਹੀ ਹੈ ਦੂਜੇ ਪਾਸੇ ਆਰਥਿਕ ਕਟੌਤੀਆਂ ਲਾ ਕੇ ਘਰਾਂ ਵਿੱਚ ਆਰਥਕ ਤਣਾਅ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ ।
ਸਰਕਾਰ ਆਮ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਤੋਂ ਹੱਥ ਪਿੱਛੇ ਖਿੱਚ ਕੇ ਕਾਰਪੋਰੇਟਾਂ ਨੂੰ ਲੁਕਵੇਂ ਰੂਪ ਵਿੱਚ ਵੱਡੇ ਗੱਫੇ ਦੇ ਰਹੀ ਹੈ ।ਪੰਜਾਬ ਸਰਕਾਰ ਵੱਲੋਂ ਫਿਕਸਡ ਟਰੈਵਲਿੰਗ ਅਲਾਊਂਸ ਸਮੇਤ ਕੁੱਲ ਸ 37 ਭੱਤਿਆਂ ਨੂੰ ਵੀ ਸਰਕਾਰ ਨੇ ਫਰੀਜ਼ ਕਰ ਕੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਬਹੁਤ ਘਟਾ ਦਿੱਤੀਆਂ ਹਨ । ਸਰਕਾਰ ਵੱਲੋਂ 01/07/21 ਤੋਂ ਬਾਦ ਮੁਲਾਜ਼ਮ ਨੂੰ ਮਿਲਦੇ ਏ.ਸੀ.ਪੀ. ਦੇ ਲਾਭ ਵੀ ਅਗਲੇ ਹੁਕਮਾਂ ਤੱਕ ਵਾਪਸ ਲੈ ਕੇ ਮੁਲਾਜ਼ਮ ਨਾਲ ਧ੍ਰੋਹ ਕਮਾਇਆ ਹੈ। ਜਿਸ ਕਾਰਨ ਸਾਰੇ ਮੁਲਾਜ਼ਮ ਸਰਕਾਰ ਦੇ ਖ਼ਿਲਾਫ਼ ਬਗ਼ਾਵਤ ਦੇ ਰੌਂਅ ਵਿੱਚ ਹਨ।