ਬਰਨਾਲਾ: ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 427ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।
ਤਿੰਨ ਖੇਤੀ ਕਾਨੂੰਨ ਰੱਦ ਹੋਣ ਅਤੇ ਬਾਅਦ ਦੇ ਘਟਨਾਕਰਮ ਦੇ ਮੱਦੇਨਜ਼ਰ ਕੁੱਝ ਧਰਨਾਕਾਰੀ ਆਉਂਦੇ ਦਿਨਾਂ ‘ਚ ਕਿਸਾਨ ਅੰਦੋਲਨ ਦੇ ਖਤਮ ਹੋਣ ਦੀ ਸੰਭਾਵਨਾ ਮਹਿਸੂਸ ਕਰਨ ਲੱਗੇ ਹਨ। ਇਸ ਲਈ ਅੰਦੋਲਨਕਾਰੀ ਇਸ ਇਤਿਹਾਸਕ ਅੰਦੋਲਨ ਵਿੱਚ ਆਪਣੀ ਸ਼ਮੂਲੀਅਤ ਦੀਆਂ ਯਾਦਾਂ ਸੰਭਾਲਣ ਲੱਗੇ ਹਨ। ਸਥਾਨਕ ਧਰਨੇ ਵਿੱਚ ਵੀ ਚੰਗੇ ਫੋਟੋਗ੍ਰਾਫਰਾਂ ਨੂੰ ਬੁਲਾ ਕੇ 1 ਅਕਤੂਬਰ ਤੋਂ ਸ਼ੁਰੂ ਹੋਏ ਧਰਨੇ ਵਿੱਚ ਖੁਦ ਦੀ ਹਾਜ਼ਰੀ ਦੀਆਂ ਫੋਟੋਆਂ ਖਿੱਚਵਾਈਆਂ ਜਾ ਰਹੀਆਂ ਹਨ।