ਚੰਡੀਗੜ੍ਹ : ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਉਤਰਨਗੇ। ਇਸ ਦੇ ਲਈ ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿਚ ਵਿਸ਼ਾਲ ਰੈਲੀ ਰੱਖੀ ਗਈ ਹੈ। ਇੱਥੇ ਪਹਿਲਾਂ ਉਹ ਪੀਜੀਆਈ ਦੇ ਸੈਟੇਲਾਈਟ ਦਾ ਉਦਘਾਟਨ ਕਰਨਗੇ। ਉਸ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਨਗੇ।
ਰੈਲੀ ਨੂੰ ਪ੍ਰਭਾਵੀ ਬਣਾਉਣ ਦੇ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਇਸ ਦੇ ਲਈ ਜਲੰਧਰ ਵਿਚ ਸਟੇਟ ਲੀਡਰਸ਼ਿਪ ਦੀ ਮੀਟਿੰਗ ਹੋਈ।
ਜਿਸ ਵਿਚ ਰਾਜ ਅਤੇ ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਪ੍ਰਧਾਨ, 2017 ਵਿਚ ਚੋਣ ਲੜ ਚੁੱਕੇ ਉਮੀਦਵਾਰ , ਸਾਰੇ ਮੋਰਚਿਆਂ ਦੇ ਪ੍ਰਦੇਸ਼ ਪ੍ਰਧਾਨ ਅਤੇ ਜਨਰਲ ਸੈਕਟਰੀ, ਲੋਕ ਸਭਾ ਇੰਚਾਰਜ ਅਤੇ ਪਰਵਾਸੀ ਜ਼ਿਲ੍ਹਾ ਇੰਚਾਰਜਾਂ ਨੂੰ ਬੁਲਾਇਆ ਗਿਆ।
ਪੰਜਾਬ ਵਿਚ ਭਾਜਪਾ ਇਸ ਵਾਰ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਚੋਣ ਲੜ ਰਹੀ ਹੈ। ਫਿਰੋਜ਼ਪੁਰ ਵਿਚ ਹੋਣ ਵਾਲੀ ਰੈਲੀ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਦੇ ਮੰਚ ’ਤੇ ਦਿਖਣਗੇ। ਇਸ ਤੋਂ ਇਲਾਵਾ ਸ਼੍ਰੋਅਦ ਸੰਯੁਕਤ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਵੀ ਰੈਲੀ ਦਾ ਹਿੱਸਾ ਹੋਣਗੇ। ਭਾਜਪਾ ਪਹਿਲੀ ਵਾਰ ਅਕਾਲੀ ਦਲ ਤੋਂ ਅਲੱਗ ਹੋ ਕੇ ਚੋਣ ਲੜ ਰਹੀ ਹੈ। ਇਸ ਲਈ ਉਨ੍ਹਾਂ ’ਤੇ ਇੱਥੇ ਭੀੜ ਜੁਟਾਉਣ ਦਾ ਭਾਰੀ ਦਬਾਅ ਹੋਣਾ ਤੈਅ ਹੈ। ਇਸੇ ਕਾਰਨ ਸਾਰੇ ਵੱਡੇ ਨੇਤਾਵਾਂ ਨੂੰ ਭੀੜ ਇਕੱਠੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਲੰਧਰ ਵਿਚ ਭਾਜਪਾ ਨੇ ਚੋਣ ਦਫ਼ਤਰ ਬਣਾਇਆ ਹੈ, ਇੱਥੋਂ ਹੀ ਇਸ ਦੀ ਪੂਰੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਕਾਂਗਰਸ ਦਾ ਵੀ ਚੋਣ ਪ੍ਰਚਾਰ ਦਾ ਆਗਾਜ਼ ਹੋਵੇਗਾ। ਇਸ ਦੇ ਲਈ ਰਾਹੁਲ ਗਾਂਧੀ 3 ਜਨਵਰੀ ਨੂੰ ਮੋਗਾ ਵਿਚ ਪੁੱਜਣਗੇ। ਇੱਥੇ ਕਿੱਲੀ ਚਾਹਲਾਂ ਵਿਚ ਕਾਂਗਰਸ ਦੀ ਵੱਡੀ ਚੋਣ ਰੈਲੀ ਹੋਵੇਗੀ। ਅਕਾਲੀ ਦਲ ਨੇ ਵੀ ਮੋਗਾ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। 100 ਸਾਲ ਪੂਰੇ ਹੋਣ ’ਤੇ 14 ਦਸੰਬਰ 2021 ਨੂੰ ਕਿੱਲੀ ਚਾਹਲਾਂ ਵਿਚ ਹੀ ਅਕਾਲੀ ਦਲ ਨੇ ਸ਼ਤਾਬਦੀ ਵਰ੍ਹਾ ਮਨਾਇਆ ਸੀ।
Posted inPunjab