ਬਰਲਿਨ : ਲੁਧਿਆਣਾ ਧਮਾਕੇ ਦਾ ਮਾਸਟਰ ਮਾਈਂਡ ਦੱਸੇ ਜਾ ਰਹੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫ਼ੌਰ ਜਸਟਿਸ ਦੇ ਮੂਹਰਲੀ ਕਤਾਰ ਦੇ ਆਗੂਆਂ ਵਿਚੋਂ ਇਕ ਜਸਵਿੰਦਰ ਸਿੰਘ ਮੁਲਤਾਨੀ ਨੂੰ ਭਾਰਤ ਸਰਕਾਰ ਵੱਲੋਂ ਜਰਮਨੀ ਭੇਜੇ ਸਬੂਤਾਂ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਅਤੇ ਉਸ ਤੋਂ ਪੁੱਛ-ਪੜਤਾਲ ਕਰਨ ਭਾਰਤੀ ਅਧਿਕਾਰੀਆਂ ਦੀ ਟੀਮ ਜਲਦ ਰਵਾਨਾ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਨਸੂਰਪੁਰ ਨਾਲ ਸਬੰਧਤ ਜਸਵਿੰਦਰ ਸਿੰਘ ਮੁਲਤਾਨੀ ਦਿੱਲੀ ਅਤੇ ਮੁੰਬਈ ਵਿਖੇ ਵੀ ਧਮਾਕੇ ਕਰਨ ਦੀ ਸਾਜ਼ਿਸ਼ ਘੜ ਰਿਹਾ ਸੀ ਅਤੇ ਇਸ ਤੋਂ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਕਤਲ ਦੀ ਸਾਜ਼ਿਸ਼ ਘੜਨ ਵਿਚ ਵੀ ਉਸ ਦਾ ਨਾਂ ਸਾਹਮਣੇ ਆਇਆ।
ਇਸ ਮਾਮਲੇ ਵਿਚ ਪੁਲਿਸ ਨੇ ਫ਼ਰਵਰੀ ਦੌਰਾਨ 5 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਨ੍ਹਾਂ ਵਿਚੋਂ ਇਕ ਜੀਵਨ ਸਿੰਘ ਨੂੰ ਕਥਿਤ ਤੌਰ ’ਤੇ ਮੁਲਤਾਨੀ ਨੇ ਹੀ ਵੱਖਵਾਦੀ ਸਰਗਰਮੀਆਂ ਵਿਚ ਸ਼ਾਮਲ ਕਰਵਾਇਆ।