ਦਿੱਲੀ ਹਵਾਈ ਅੱਡੇ ਤੋਂ ਰੋਕੀ ਗਈ ਪੰਜਾਬ ਸਰਕਾਰ ਦੀ ਬੱਸ ਸੇਵਾ ਨੂੰ ਚਲਾਉਣ ਲਈ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੰਨਾ ਨੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਲਗਾਇਆ ਸੀ, ਅੱਜ ਉਨ੍ਹਾਂ ਨੂੰ ਮਿਲਣ ਅੰਮਿ੍ਤਸਰ ਪੁੱਜ ਗਏ।
ਸਥਾਨਕ ਪੰਜ ਤਾਰਾ ਹੋਟਲ ਹਯਾਤ ਜਿੱਥੇ ਕਿ ਸ੍ਰੀ ਕੇਜਰੀਵਾਲ ਠਹਿਰੇ ਸਨ, ਵਿਖੇ ਸ੍ਰੀ ਵੜਿੰਗ ਨੇ ਉਨ੍ਹਾਂ ਨੂੰ ਮੀਡੀਆ ਸਾਹਮਣੇ ਮਿਲਣ ਦੀ ਮੰਗ ਰੱਖੀ ਅਤੇ ਕਈ ਘੰਟੇ ਬਾਹਰ ਉਡੀਕ ਕਰਦੇ ਰਹੇ। ਆਖਿਰ ਸ੍ਰੀ ਕੇਜਰੀਵਾਲ ਜਦੋਂ ਆਪਣੇ ਸਥਾਨਕ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਨਿਕਲੇ ਤਾਂ ਸ੍ਰੀ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਘੇਰਦੇ ਹੋਏ ਕਿਹਾ ਕਿ ਉਹ ਇੰਡੋ ਕੈਨੇਡੀਅਨ ਬੱਸਾਂ ਨੂੰ ਦਿੱਲੀ ਭਰ ’ਚ ਚੱਲਣ ਦੀ ਇਜਾਜ਼ਤ ਦੇਣ ਅਤੇ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਨੂੰ ਰੋਕੇ ਜਾਣ ਬਾਰੇ ਸਥਿਤੀ ਸਪੱਸ਼ਟ ਕਰਨ।