ਪੱਕੇ ਹੋਣ ਦੀ ਮੰਗ ਲਈ NHM ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮਾਂ ਦੀ ਹੜਤਾਲ ਜਾਰੀ.

ਪੱਕੇ ਹੋਣ ਦੀ ਮੰਗ ਲਈ NHM ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮਾਂ ਦੀ ਹੜਤਾਲ ਜਾਰੀ.

ਬਰਨਾਲਾ : ਕੌਮੀ ਸਿਹਤ ਮਿਸ਼ਨ ਤਹਿਤ ਸਿਹਤ ਵਿਭਾਗ ਪੰਜਾਬ ‘ਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ। ਜਿਲ੍ਹੇ ਭਰ ਤੋਂ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ‘ਚ ਇਕੱਤਰ ਹੋਏ ਸਿਹਤ ਮੁਲਾਜ਼ਮਾਂ ਵੱਲੋਂ ਸੂਬੇ ਦੀ ਚੰਨੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਗਈ।ਇਸ ਹੜਤਾਲ ‘ਚ ਠੇਕਾ ਅਧਾਰਿਤ ਡਾਕਟਰ,ਸਟਾਫ ਨਰਸਾਂ,ਕਮਿਊਨਿਟੀ ਹੈਲਥ ਅਫਸਰ,ਏਐਨਐਮਜ਼,ਦਫਤਰੀ ਮੁਲਾਜ਼ਮ,ਫਾਰਮਾਸਿਸਟ ਆਦਿ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਐਨਐਚਐਮ ਇੰਪਲਾਈਜ਼ ਯੂਨੀਅਨ ਦੇ ਜਿਲ੍ਹਾ ਆਗੂ ਕਮਲਜੀਤ ਕੌਰ ਪੱਤੀ,ਸੰਦੀਪ ਕੌਰ ਸੀਐਚਓ,ਹਰਜੀਤ ਸਿੰਘ,ਵਿਪਨ ਕੁਮਾਰ,ਨਵਦੀਪ ਸਿੰਘ,ਸੁਖਪਾਲ ਸਿੰਘ,ਮਨਜਿੰਦਰ ਸਿੰਘ ਆਦਿ ਨੇ ਕਿਹਾ ਕਿ ਹੜਤਾਲ ਉਹਨਾਂ ਦਾ ਸ਼ੌਂਕ ਨਹੀਂ ਬਲਕਿ ਮਜਬੂਰੀ ਹੈ ਕਿਉਂਕਿ ਉਹ ਪਿਛਲੇ ਕਈ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਉੱਪਰ ਕੰਮ ਕਰ ਰਹੇ ਹਨ ਤੇ ਪੰਜਾਬ ਸਰਕਾਰ ਐਨਐਚਐਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੀਡੀਆ ਵਿੱਚ ਤਾਂ ਇਹ ਕਹਿੰਦੇ ਹਨ ਕਿ ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਹਨ ਪਰ ਹਕੀਕਤ ਵਿੱਚ ਅਜਿਹਾ ਕੁੱਝ ਵੀ ਨਹੀਂ ਹੋ ਰਿਹਾ ਹੈ।ਉਨ੍ਹਾਂ ਚੰਨੀ ਸਰਕਾਰ ਨੂੰ ਲਾਰੇ ਲਾਊ ਸਰਕਾਰ ਕਹਿੰਦਿਆਂ ਭਲਕੇ ਬਰਨਾਲਾ ਸ਼ਹਿਰ ਵਿੱਚ ਸਰਕਾਰ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਰੱਖਣ ਦਾ ਫੈਸਲਾ ਕੀਤਾ।ਸਿਹਤ ਮੁਲਾਜ਼ਮਾਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਐਕਟ ਕੁੱਝ ਵੀ ਸਾਫ ਨਹੀਂ ਕਰਦਾ ਹੈ ਤੇ ਸਰਕਾਰ ਨੂੰ ਉਸ ਐਕਟ ਬਾਰੇ ਸ਼ਪੱਸ਼ਟੀਕਰਨ ਦੇਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਦੇਸ਼ ਦੇ ਬਹੁਤੇ ਰਾਜ਼ਾਂ ਵਿੱਚ ਐਨਐਚਐਮ ਕਰਮਚਾਰੀ ਰੈਗੂਲਰ ਕੀਤੇ ਗਏ ਹਨ ਤੇ ਹਰਿਆਣਾ ਵਰਗੇ ਕੁੱਝ ਸੂਬੇ ਐਨਐਚਐਮ ਮੁਲਾਜ਼ਮਾਂ ਨੂੰ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਤਨਖਾਹਾਂ ਅਤੇ ਭੱਤੇ ਦੇ ਰਹੇ ਹਨ ਤੇ ਪੰਜਾਬ ਦੀ ਸਰਕਾਰ ਐਨਐਚਐਮ ਮੁਲਾਜ਼ਮਾਂ ਨੂੰ ਨਾ ਹੀ ਰੈਗੂਲਰ ਕਰ ਰਹੀ ਹੈ ਤੇ ਨਾ ਹੀ ਬਰਾਬਰ ਤਨਖਾਹ ਦੇ ਰਹੀ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਹਤ ਵਿਭਾਗ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੂਰੇ ਪੇਅ ਸਕੇਲਾਂ ਤਹਿਤ ਰੈਗੂਲਰ ਕੀਤਾ ਜਾਵੇ।

ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਮੰਤਰੀਆਂ,ਵਿਧਾਇਕਾਂ,ਪਾਰਲੀਮੈਂਟ ਮੈਂਬਰਾਂ ਦੀਆ ਤਨਖਾਹਾਂ ਭੱਤੇ ਤਾਂ ਲਗਾਤਾਰ ਵਧਾਏ ਜਾ ਰਹੇ ਹਨ ਪਰ ਠੇਕਾ ਅਧਾਰਿਤ ਕੱਚੇ ਮੁਲਾਜ਼ਮਾਂ ਨੂੰ ਫੋਕੇ ਲਾਰਿਆ ਨਾਲ ਸਾਰਿਆ ਜਾ ਰਿਹਾ ਹੈ ਜਿਸਨੂੰ ਹੁਣ ਪੰਜਾਬ ਦੇ ਕੱਚੇ ਕਾਮੇ ਬਰਦਾਸ਼ਤ ਨਹੀਂ ਕਰਨਗੇ।

ਸਿਹਤ ਵਿਭਾਗ ਦੇ ਰੈਗੂਲਰ ਮੁਲਾਜ਼ਮਾਂ ਦੀਆਂ ਸਮੂਹ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਐਨਐਚਐਮ ਮੁਲਾਜ਼ਮਾਂ ਦੇ ਸੰਘਰਸ਼ ਨੂੰ ਹਮਾਇਤ ਦਾ ਐਲਾਣ ਕੀਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਰੁਪਿੰਦਰ ਕੌਰ,ਵੀਰਪਾਲ ਕੌਰ,ਨਰੇਸ਼ ਕੁਮਾਰੀ,ਵਰਿੰਦਰ ਕੌਰ,ਵਿੱਕੀ,ਸੁਖਵਿੰਦਰ ਸਿੰਘ, ਆਦਿ ਨੇ ਸਮੂਹ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਕੀਤੀ।

Share: