ਬੁੱਧਵਾਰ ਨੂੰ ਇੰਦੌਰ ਏਅਰਪੋਰਟ ‘ਤੇ ਇਕ ਕੋਰੋਨਾ ਪਾਜ਼ੀਟਿਵ ਔਰਤ ਨੂੰ ਇੰਦੌਰ ਤੋਂ ਦੁਬਈ ਜਾਣ ਵਾਲੀ ਫਲਾਈਟ ‘ਚ ਜਾਣ ਤੋਂ ਰੋਕ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੁਬਈ ‘ਚ ਰਹਿਣ ਵਾਲੀ 44 ਸਾਲਾ ਔਰਤ ਨੇ 2 ਵੱਖ-ਵੱਖ ਕੋਵਿਡ-19 ਵੈਕਸੀਨ ਦੀਆਂ 4 ਖੁਰਾਕਾਂ ਲਈਆਂ ਹਨ।
ਨਿਯਮਾਂ ਅਨੁਸਾਰ ਇੰਦੌਰ ਤੋਂ ਦੁਬਈ ਦੀ ਹਫਤਾਵਾਰੀ ਉਡਾਣ ਲਈ 89 ਯਾਤਰੀਆਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਗਿਆ ਸੀ। ਇੰਦੌਰ ਦੇ ਸਿਹਤ ਵਿਭਾਗ ਦੀ ਮੈਡੀਕਲ ਅਫਸਰ ਡਾਕਟਰ ਪ੍ਰਿਅੰਕਾ ਕੌਰਵ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਨ੍ਹਾਂ ਯਾਤਰੀਆਂ ਵਿੱਚੋਂ ਇਹ ਔਰਤ ਕੋਵਿਡ-19 ਪਾਜ਼ੇਟਿਵ ਪਾਈ ਗਈ ਹੈ।
ਅਧਿਕਾਰੀਆਂ ਮੁਤਾਬਕ ਦੁਬਈ ਦੀ ਰਹਿਣ ਵਾਲੀ ਔਰਤ ਕਰੀਬ 12 ਦਿਨ ਪਹਿਲਾਂ ਇੰਦੌਰ ਨੇੜੇ ਮਹੂ ‘ਚ ਆਪਣੇ ਕਰੀਬੀ ਰਿਸ਼ਤੇਦਾਰ ਦੇ ਵਿਆਹ ‘ਚ ਆਈ ਸੀ। ਇਸ ਔਰਤ ਨੇ ਜਨਵਰੀ ਤੋਂ ਅਗਸਤ ਦਰਮਿਆਨ ਸਿਨੋਫਾਰਮਾ ਅਤੇ ਫਾਈਜ਼ਰ ਵੈਕਸੀਨ ਦੀਆਂ 2-2 ਖੁਰਾਕਾਂ ਲਈਆਂ। ਹਾਲਾਂਕਿ ਹੁਣ ਤੱਕ ਇਸ ਔਰਤ ਵਿੱਚ ਕੋਰੋਨਾ ਦੇ ਲੱਛਣ ਸਾਹਮਣੇ ਨਹੀਂ ਆਏ ਹਨ। ਪਰ ਉਸ ਨੇ ਏਅਰਪੋਰਟ ਸਟਾਫ ਨੂੰ ਦੱਸਿਆ ਕਿ ਉਹ 4 ਦਿਨਾਂ ਤੋਂ ਜ਼ੁਕਾਮ ਅਤੇ ਖੰਘ ਤੋਂ ਪੀੜਤ ਸੀ।