ਪਟਿਆਲਾ : ਭਾਰਤ ਵਿੱਚ ਕੋਰੋਨਾ ਦੀ ਲਾਗ ਇੱਕ ਵਾਰ ਮੁੜ ਤੇਜ਼ੀ ਨਾਲ ਫੈਲ ਰਹੀ ਹੈ। ਪਟਿਆਲਾ ਵਿੱਚ ਥਾਪਰ ਯੂਨੀਵਰਿਸਟੀ ਵਿਖੇ ਅੱਜ 12 ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ 15 ਵਿਦਿਆਰਥੀ ਕੋਰੋਨਾ ਪਾਜੀਟਿਵ ਆਏ ਸਨ।
ਥਾਪਰ ਯੂਨੀਵਰਸਿਟੀ ਵਿਚ ਕੰਟੇਨਮੈਂਟ ਜੋਨ ਬਣਾਇਆ ਗਿਆ ਹੈ। ਰਿਪੋਰਟ ਤੋਂ ਬਾਅਦ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਇੱਕ ਹੋਸਟਲ ਨੂੰ ਜਿੱਥੇ ਪਹਿਲੇ ਸਾਲ ਦੇ ਵਿਦਿਆਰਥੀ ਰਹਿ ਰਹੇ ਹਨ, ਉਸ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ। ਡਾ: ਸੁਮੀਤ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਜ਼ਿਆਦਾਤਰ ਵਿਦਿਆਰਥੀ ਲੱਛਣ ਵਾਲੇ ਹਨ। ਉਨ੍ਹਾਂ ਕਿਹਾ ਕਿ ਜੀਨੋਮ ਟੈਸਟਿੰਗ ਲਈ ਨਮੂਨੇ ਭੇਜੇ ਜਾਣਗੇ।
ਦੱਸ ਦਈਏ ਕਿ ਕੋਵਿਡ-19 ਦੇ ਰੋਜ਼ਾਨਾ ਮਾਮਲੇ ਕਰੀਬ 64 ਦਿਨਾਂ ਬਾਅਦ 16,000 ਦਾ ਅੰਕੜਾ ਪਾਰ ਕਰ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ, ਭਾਰਤ ਵਿੱਚ ਇੱਕ ਦਿਨ ਵਿੱਚ ਸੰਕਰਮਣ ਦੇ 16,794 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 220 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 4,81,080 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ 27 ਅਕਤੂਬਰ ਨੂੰ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 16,158 ਨਵੇਂ ਮਾਮਲੇ ਸਾਹਮਣੇ ਆਏ ਸਨ।
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ 309 ਨਵੇਂ ਕੇਸਾਂ ਦੇ ਆਉਣ ਨਾਲ ਦੇਸ਼ ਵਿੱਚ ਅਜਿਹੇ ਮਾਮਲਿਆਂ ਦੀ ਕੁੱਲ ਗਿਣਤੀ 1,270 ਹੋ ਗਈ ਹੈ। ਹੁਣ ਤੱਕ, 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਓਮਿਕਰੋਨ ਦੇ 1,270 ਮਾਮਲੇ ਸਾਹਮਣੇ ਆਏ ਹਨ ਅਤੇ 374 ਲੋਕ ਠੀਕ ਹੋ ਚੁੱਕੇ ਹਨ ਜਾਂ ਦੇਸ਼ ਛੱਡ ਚੁੱਕੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 450 ਮਾਮਲੇ ਹਨ। ਇਸ ਤੋਂ ਬਾਅਦ ਦਿੱਲੀ ਵਿੱਚ 320, ਕੇਰਲ ਵਿੱਚ 109 ਅਤੇ ਗੁਜਰਾਤ ਵਿੱਚ 97 ਮਾਮਲੇ ਸਾਹਮਣੇ ਆਏ ਹਨ।