ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦੁਪਹਿਰ ਨੂੰ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਨਗੇ। ਉਨ੍ਹਾਂ ਨੇ ਫੇਸਬੁੱਕ ‘ਤੇ ਇਕ ਪੋਸਟ ‘ਚ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਹ ਹਰ ਵਾਅਦੇ ਨੂੰ ਹਕੀਕਤ ‘ਚ ਤਬਦੀਲ ਕਰਨਗੇ ਅਤੇ ਵਿਰੋਧੀਆਂ ਤੋਂ ਹਰ ਗੱਲ ਦਾ ਹਿਸਾਬ ਲੈਣਗੇ। ਪੰਜਾਬ ਵਿੱਚ ਚੰਨੀ ਦੀ ਸਰਕਾਰ ਬਣੀ ਨੂੰ 70 ਦਿਨ ਹੋ ਗਏ ਹਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਨ੍ਹਾਂ 70 ਦਿਨਾਂ ਵਿੱਚ ਕੀਤੇ ਗਏ ਕੰਮਾਂ ਅਤੇ ਕੀਤੇ ਐਲਾਨਾਂ ਬਾਰੇ ਲੋਕਾਂ ਨੂੰ ਦੱਸਣਗੇ। ਦੂਜੇ ਪਾਸੇ ਦਿੱਲੀ ਵਿੱਚ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕਜੁੱਟ ਹੋ ਕੇ ਲੜਨ ਦੀ ਹਦਾਇਤ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਸਿੱਧੂ ਅਤੇ ਚੰਨੀ ਨਾਲ ਦੋ ਘੰਟੇ ਤੋਂ ਵੱਧ ਸਮੇਂ ਤੱਕ ਗਰੁੱਪ ਮੀਟਿੰਗ ਕੀਤੀ। ਗਾਂਧੀ ਨਾਲ ਵੱਖਰੀ ਮੀਟਿੰਗ ਵਿੱਚ ਸਿੱਧੂ ਨੇ ਡੀਸੀਸੀ ਪ੍ਰਧਾਨਾਂ ਦੀ ਸੂਚੀ ਬਾਰੇ ਚਰਚਾ ਕੀਤੀ। ਪਤਾ ਲੱਗਾ ਹੈ ਕਿ ਗਾਂਧੀ ਨੇ ਸੂਚੀ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਸਿੱਧੂ ਨੇ ਹਰੇਕ ਡੀਸੀਸੀ ਲਈ ਇੱਕ ਡੀਸੀਸੀ ਅਤੇ ਦੋ ਕਾਰਜਕਾਰੀ ਪ੍ਰਧਾਨਾਂ ਦਾ ਸੁਝਾਅ ਦਿੱਤਾ ਸੀ। ਸੁਨੀਲ ਜਾਖੜ ਨੇ ਵੀ ਇਸ ਲਿਸਟ ਨੂੰ ਲੈ ਕੇ ਟਵੀਟ ਕਰਕੇ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ।