ਚੰਡੀਗੜ੍ਹ: ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ (Brindarmeet Singh Pahra) ਨੇ ਬੁੱਧਵਾਰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀਆਂ, ਵਿਧਾਇਕਾਂ ਦੀ ਹਾਜਰੀ ਵਿੱਚ ਮਿਲਕਫੈਡ ਦੇ ਚੇਅਰਮੈਨ (Chairman of Milkfed) ਦਾ ਅਹੁਦਾ ਸੰਭਾਲ ਲਿਆ।
ਉਪ ਮੁੱਖ ਮੰਤਰੀ ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਕਿਹਾ ਕਿ ਮਿਲਕਫੈਡ (Milkfed Chairman) ਸਿੱਧੇ ਤੌਰ ਉੱਤੇ ਆਮ ਲੋਕਾਂ ਖਾਸ ਕਰਕੇ ਦੁੱਧ ਉਤਪਾਦਕ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਅਤੇ ਬਰਿੰਦਰਮੀਤ ਪਾਹੜਾ ਜ਼ਮੀਨ ਨਾਲ ਜੁੜੇ ਨੇਤਾ ਹਨ, ਜਿਨ੍ਹਾਂ ਦੀ ਅਗਵਾਈ ਵਿੱਚ ਮਿਲਕਫੈਡ ਆਪਣੇ ਟੀਚੇ ਪੂਰੇ ਕਰਨ ਵਿੱਚ ਸਫਲ ਰਹੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਆਗੂ ਬਰਿੰਦਰਮੀਤ ਪਾਹੜਾ ਮਿਲਕਫੈਡ ਨੂੰ ਹੋਰ ਵੀ ਬੁਲੰਦੀਆਂ ਉੱਤੇ ਲੈ ਕੇ ਜਾਣਗੇ।
ਨਵ-ਨਿਯੁਕਤ ਚੇਅਰਮੈਨ ਪਾਹੜਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸਵਾਸ ਦਿਵਾਇਆ।
ਇਸ ਮੌਕੇ ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਸੁਖਬਿੰਦਰ ਸਿੰਘ ਸਰਕਾਰੀਆ, ਭਾਰਤ ਭੂਸਣ ਆਸੂ, ਰਣਦੀਪ ਸਿੰਘ ਨਾਭਾ ਤੇ ਗੁਰਕੀਰਤ ਸਿੰਘ ਕੋਟਲੀ, ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਮਾਰਕਫੈਡ ਦੇ ਚੇਅਰਮੈਨ ਕੁਸਲਦੀਪ ਸਿੰਘ ਕਿੱਕੀ ਢਿੱਲੋਂ, ਬਰਿੰਦਰਮੀਤ ਪਾਹੜਾ ਦੇ ਪਰਿਵਾਰਕ ਮੈਂਬਰ, ਮਿਲਕਫੈਡ ਦੇ ਬੋਰਡ ਆਫ ਡਾਇਰੈਕਟਰਜ ਦੇ ਮੈਂਬਰ ਬਲਜੀਤ ਸਿੰਘ ਪਾਹੜਾ, ਹਰਮਿੰਦਰ ਸਿੰਘ, ਅਮਨਦੀਪ ਸਿੰਘ, ਤਜਿੰਦਰ ਸਿੰਘ, ਰਣਜੀਤ ਸਿੰਘ ਤੇ ਗੁਰਭੇਜ ਟਿੱਬੀ ਵੀ ਹਾਜ਼ਰ ਸਨ।