ਚੰਡੀਗੜ੍ਹ- ”ਪੰਜਾਬ ਦੇ ਕਰੀਬ 80 ਹਜ਼ਾਰ ਵਕੀਲ ਆਮ ਆਦਮੀ ਪਾਰਟੀ ਨਾਲ ਜੁੜ ਕੇ ਆਪਣੀ ਸਰਕਾਰ ਬਣਾਉਣਗੇ ਤਾਂ ਜੋ ਵਕੀਲ ਭਾਈਚਾਰੇ ਦੇ ਨਾਲ- ਨਾਲ ਪੰਜਾਬ ਅਤੇ ਜਨਤਾ ਨੂੰ ਦਰਪੇਸ਼ ਤਮਾਮ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਮੈਂ ਤਾਂ ਵਕੀਲਾਂ ਨਾਲ ਰਿਸ਼ਤਾ ਜੋੜਨ ਲਈ ਆਇਆ ਹਾਂ , ਕਿਸੇ ਦਾ ਭਰਾ ਹਾਂ ਅਤੇ ਕਿਸੇ ਦਾ ਪੁੱਤਰ ਹਾਂ।” ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਅੰਮ੍ਰਿਤਸਰ ਵਿਖੇ ਪਾਰਟੀ ਵੱਲੋਂ ਕਰਵਾਏ ‘ਵਕੀਲ ਭਰਾਵਾਂ ਨਾਲ ਕੇਜਰੀਵਾਲ ਦੀ ਗੱਲਬਾਤ’ ਪ੍ਰੋਗਰਾਮ ਦੌਰਾਨ ਸਾਂਝੇ ਕੀਤੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਸਮੇਤ ਦੇਸ਼ ਨੂੰ ਚੰਗਾ ਭਵਿੱਖ ਦੇ ਸਕਦੀ ਹੈ। ਆਮ ਲੋਕਾਂ, ਵਕੀਲਾਂ, ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ। ਇਸ ਮੌਕੇ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੁੰਵਰ ਵਿਜੈ ਪ੍ਰਤਾਪ ਸਿੰਘ, ਜ਼ੋਰਾਂ ਸਿੰਘ (ਰਿਟਾ. ਜਸਟਿਸ), ਅੰਮ੍ਰਿਤਸਰ ਬਾਰ ਐਸੋਸੀਏਸ਼ਨ ਪ੍ਰਧਾਨ ਵਿਪਨ ਕੁਮਾਰ ਢੰਡ ਅਤੇ ਹੋਰ ਆਗੂ ਮੰਚ ‘ਤੇ ਬਿਰਾਜਮਾਨ ਸਨ।
ਪੰਜਾਬ ਦੇ ਵੱਖ- ਵੱਖ ਜ਼ਿਲਿਆਂ ਸ੍ਰੀ ਅੰਮ੍ਰਿਤਸਰ, ਜਲੰਧਰ, ਤਰਨਤਾਰਨ, ਗੁਰਦਾਸਪੁਰ, ਫ਼ਿਰੋਜ਼ਪੁਰ ਸਮੇਤ ਸਮੁੱਚੇ ਪੰਜਾਬ ਵਿਚੋਂ ਆਏ ਵਕੀਲਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ,”ਦਿੱਲੀ ਵਿੱਚ ਵਕੀਲਾਂ ਨੇ ਆਮ ਆਦਮੀ ਪਾਰਟੀ ਦਾ ਬਹੁਤ ਸਾਥ ਦਿੱਤਾ ਸੀ। ਇਸੇ ਲਈ ਜਦੋਂ ‘ਆਪ’ ਨੇ ਦੂਜੀ ਵਾਰ ਚੋਣ ਲੜੀ ਤਾਂ 70 ਵਿਚੋਂ 68 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ। ਭਾਜਪਾ ਵੱਲੋਂ ਮੁੱਖ ਮੰਤਰੀ ਦੀ ਉਮੀਦਵਾਰ ਕਿਰਨ ਬੇਦੀ ਨੂੰ ‘ਆਪ’ ਦੇ ਵਕੀਲ ਉਮੀਦਵਾਰ ਨੇ ਹੀ ਹਰਾਇਆ ਸੀ।”
ਕੇਜਰੀਵਾਲ ਨੇ ਨਾਲ ਹੀ ਦੱਸਿਆ ਕਿ ਦਿੱਲੀ ਵਿੱਚ ਸਰਕਾਰ ਬਣਨ ਤੋਂ ਬਾਅਦ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਗਿਆ। ਵਕੀਲਾਂ ਲਈ ਅਦਾਲਤਾਂ ਵਿੱਚ ਚੈਂਬਰ ਬਣਾਏ ਗਏ ਵਕੀਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੈਡੀਕਲ ਅਤੇ ‘ਲਾਈਫ਼ ਰਿਸਕ’ ਬੀਮਾ ਕਵਰ ਦੀ ਸਹੂਲਤ ਦਿੱਤੀ ਗਈ, ਜਿਸ ਕਰਕੇ ਜਦੋਂ ਕੋਰੋਨਾ ਮਹਾਂਮਾਰੀ ਫੈਲੀ ਤਾਂ ਦਿੱਲੀ ਦੇ ਕਰੀਬ 130 ਵਕੀਲਾਂ ਦੀ ਬੇਵਕਤੀ ਅਤੇ ਦੁੱਖ ਦਾਇਕ ਮੌਤ ਹੋਈ, ਤਾਂ ਸਰਕਾਰ ਵੱਲੋਂ ਕਰਵਾਏ ਬੀਮੇ ਦੀ ਪੀੜਤ ਪਰਿਵਾਰਾਂ ਨੂੰ 10- 10 ਲੱਖ ਰੁਪਏ ਦੀ ਆਰਥਿਕ ਮਦਦ ਮਿਲੀ। ਜਦੋਂ ਕਿ ਇਲਾਜ ਕਰਾਉਣ ਵਾਲੇ 1150 ਵਕੀਲਾਂ ਨੂੰ ਕਰੀਬ 9 ਕਰੋੜ ਰੁਪਏ ਦੀ ਰਾਹਤ ਮਿਲੀ,ਕਿਉਂਕਿ ਮੈਡੀਕਲ ਬੀਮੇ ਦੇ ਤਹਿਤ ਇਲਾਜ ਦੇ ਖ਼ਰਚੇ ਬੀਮਾ ਕੰਪਨੀ ਵੱਲੋਂ ਅਦਾ ਕੀਤੇ ਗਏ।