ਬਿਰਹਾ ਤੇ ਮਿਲਾਪ ਦੇ ਰੰਗ ਨੂੰ ਬਿਆਨਦੀ ਗ਼ਜ਼ਲਾਂ ਦੀ ਕਿਤਾਬ ‘ਸਰਸਰਾਹਟ’

ਬਿਰਹਾ ਤੇ ਮਿਲਾਪ ਦੇ ਰੰਗ ਨੂੰ ਬਿਆਨਦੀ ਗ਼ਜ਼ਲਾਂ ਦੀ ਕਿਤਾਬ ‘ਸਰਸਰਾਹਟ’

ਡਾ. ਦੇਵਿੰਦਰ ਦਿਲਰੂਪ ਪੰਜਾਬੀ ਕਾਵਿ-ਖੇਤਰ ਵਿਚ ਜਾਣਿਆ ਪਛਾਣਿਆ ਨਾਂ ਹੈ। ਵਿਚਾਰ ਅਧੀਨ ਪੁਸਤਕ ’ਚ 62 ਚੋਟੀ ਤੇੇ ਲੰਮੀ ਬਹਿਰ ਵਾਲੀਆਂ ਗ਼ਜ਼ਲਾਂ ਸ਼ਾਮਿਲ ਹਨ। ਉਸ ਦੀਆਂ ਗ਼ਜ਼ਲਾਂ ਦਾ ਵਿਸ਼ਾਗਤ ਪਹਿਲੂ ਵਿਚਾਰਦਿਆਂ ਗੱਲ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਗ਼ਜ਼ਲਾਂ ਵਿਚ ਬਿਰਹਾ ਅਤੇ ਮਿਲਾਪ ਦਾ ਰੰਗ ਬਰਾਬਰ ਝਲਕਦਾ ਹੈ। ਇਨ੍ਹਾਂ ਵਿਚਲੀ ਕਾਵਿ-ਮੈਂ ਕਿਤੇ-ਕਿਤੇ ਆਪੇ ਪਿਆਰੇ ਦੇ ਵਿਛੋੜੇ ਵਿਚ ਤੜਪਦੀ ਹੈ ਤੇ ਉਸ ਦੇ ਦੂਰ ਤੁਰ ਜਾਣ ’ਤੇ ਬਿਹਬਲਤਾ ਦੀ ਅਵਸਥਾ ਭੋਗਦੀ ਹੈ, ਉੱਥੇ ਉਸ ਦੇ ਮਿਲਾਪ ਵਿਚ ਸਕੂਨ ਵੀ ਮਹਿਸੂਸ ਕਰਦੀ ਹੈ :

ਜਿਉਂਦਿਆਂ ਹੋਇਆਂ ਵੀ

ਮਰਨਾ ਪਿਆ

ਇਸ਼ਕ ਵਿਚ ਕੀ ਕੁਝ ਨਹੀਂ

ਕਰਨਾ ਪਿਆ

-ਵਾਸਤਾ ਮੈਂ ਪਿਆਰ ਦਾ

ਪਾਇਆ ਬੜਾ

ਹਿਜ਼ਰ ਮੈਨੂੰ ਫੇਰ ਵੀ ਜਰਨਾ ਪਿਆ।

-ਜੋ ਸੀ ਬੇਖ਼ਬਰ ਮੇਰੀ ਤੜਪ ਤੋਂ, ਉਦ੍ਹੇ ਦਿਲ ’ਚ ਦਰਦ ਜਗਾ ਲਿਆ

ਇਕ ਉਮਰ ਹਿਜ਼ਰ ਹੰਢਾਇਆ ਸੀ, ਅੱਜ ਪਿਆਰ ਵੀ ਉਦ੍ਹਾ ਪਾ ਲਿਆ।

ਮਨੁੱਖੀ ਜ਼ਿੰਦਗੀ ਦੀ ਅਜੋਕੀ ਸਥਿਤੀ ਜਿਸ ਵਿਚ ਮਨੁੱਖ ’ਚੋਂ ਮਨੁੱਖ ਮਨਫ਼ੀ ਹੋ ਰਿਹਾ ਹੈ ਅਤੇ ਪੈਸੇ ਦੀ ਅੰਨ੍ਹੀ ਦੌੜ ਵਿਚ ਕਿਵੇਂ ਮਸ਼ੀਨ ਬਣ ਰਿਹਾ ਹੈ ਉਸ ਦੇ ਕਾਵਿ-ਚਿੱਤਰ ਵੀ ਇਨ੍ਹਾਂ ਗ਼ਜ਼ਲਾਂ ਵਿਚ ਪੇਸ਼ ਹੋਏ ਹਨ। ਉਸ ਦੀਆਂ ਗ਼ਜ਼ਲਾਂ ਵਿਚ ਦੁਨੀਆ ਵਿਚ ਮਚੀ ਆਪੋ-ਧਾਪੀ ਵਿਚ ਗੁੰਮਦੀਆਂ ਕਦਰਾਂ-ਕੀਮਤਾਂ ਦਾ ਹੀ ਹੇਰਵਾ ਹੈ। ਉਸ ਦੀ ਗ਼ਜ਼ਲ ਵਿਚ ਇਕ ਸਹਿਜ ਹੈ ਪਰ ਇਸ ਸਹਿਜ ਵਿੱਚੋਂ ਵੱਡੇ ਅਰਥ ਸਾਹਮਣੇ ਆਉਂਦੇ ਹਨ।

ਜਾਪਦਾ ਹੈ ਕਿ ਇਨ੍ਹਾਂ ਗ਼ਜ਼ਲਾਂ ਵਿਚ ਸ਼ਬਦ ਜੜਤ ਕਿਸੇ ਉਚੇਚ ਨਾਲ ਨਹੀਂ ਹੋਈ ਸਗੋਂ ਆਪਣੇ ਆਪ ਹੀ ਤੁਰੇ ਆਉਂਦੇ ਜਾਪਦੇ ਹਨ। ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ‘ਸਰਸਰਾਹਟ’ ਜ਼ਰੂਰ ਸਰਸਰਾਹਟ ਪੈਦਾ ਕਰੇਗੀ।

ਸਰਦੂਲ ਸਿੰਘ ਔਜਲਾ

Share: