ਚੰਡੀਗੜ੍ਹ: ਦੁਨੀਆਂ ਦੇ ਕੁਝ ਦੇਸ਼ਾਂ ਵਿੱਚ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਰਾਜ ਦੇ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੰਗਲਵਾਰ ਇੱਥੇ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜ਼ਰ ਕਰੋਨਾ ਦੀ ਜਾਂਚ ਸਬੰਧੀ ਸੂਬੇ ਵਿਚ ਰੋਜ਼ਾਨਾ 40000 ਟੈਸਟ ਕਰਨ ਦੇ ਹੁਕਮ ਦਿੱਤੇ ਹਨ।
ਸੋਨੀ ਨੇ ਮੰਗਲਵਾਰ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਜਿਨ੍ਹਾਂ ਵਿੱਚ ਵਿਕਾਸ ਗਰਗ ਸਕੱਤਰ ਸਿਹਤ ਵਿਭਾਗ, ਕੁਮਾਰ ਰਾਹੁਲ ਐਮ.ਡੀ. ਐਨ.ਐਚ.ਐਮ., ਭੁਪਿੰਦਰ ਸਿੰਘ ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਡਾ. ਅੰਦੇਸ਼ ਕੰਗ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡਾ. ਓ.ਪੀ. ਗੋਜਰਾ, ਡਾਇਰੈਕਟਰ ਸਿਹਤ ਸੇਵਾਵਾਂ ਸਮੇਤ ਪੰਜਾਬ ਰਾਜ ਦੇ ਸਿਵਲ ਸਰਜਨ ਅਤੇ ਕੁਝ ਸੀ.ਐਚ.ਸੀ/ਪੀ.ਐਚ.ਸੀ ਦੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਸੰਭਾਵਾ ਖਤਰੇ ਤੋਂ ਸੂਬੇ ਦੇ ਲੋਕਾਂ ਨੂੰ ਬਚਾਉਣ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ।
ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਭਾਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਹੁਣ ਤੋਂ ਤਿਆਰੀਆਂ ਆਰੰਭ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਡਬਲਿਊ.ਐਚ.ਓ. ਅਨੁਸਾਰ ਨਵੇਂ ਵਾਇਰਸ ਦੀ ਪਹਿਚਾਣ ਕਰਨ ਵਿਚ ਆਰ.ਟੀ.ਪੀ.ਸੀ.ਆਰ. ਟੈਸਟ ਸਮਰੱਥ ਹੈ, ਇਸ ਲਈ ਸੂਬੇ ਵਿਚ ਕੋਵਿਡ 19 ਸਬੰਧੀ ਵੱਧ ਤੋਂ ਵੱਧ ਆਰ.ਟੀ.ਪੀ.ਸੀ.ਆਰ. ਟੈਸਟ ਹੀ ਕੀਤੇ ਜਾਣ।