ਪੂਰੀ ਦੁਨੀਆ ‘ਚ ਕਲਾਈਮੇਟ ਚੇਂਜ ਯਾਨਿ ਜਲਵਾਯੂ ਪਰਿਵਰਤਨ ਕਾਰਨ ਮੌਸਮ ‘ਚ ਲਗਾਤਾਰ ਤਬਦੀਲੀ ਆ ਰਹੀ ਹੈ। ਇਨਸਾਨਾਂ ਵੱਲੋਂ ਵੱਡੀ ਗਿਣਤੀ ‘ਚ ਦਰਖ਼ਤ ਵੱਢਣ ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਜਿਸ ਕਾਰਨ ਹਰ ਦਿਨ ਧਰਤੀ ਦੀ ਹਵਾ ਖ਼ਰਾਬ ਹੁੰਦੀ ਜਾ ਰਹੀ ਹੈ। ਤੇ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਭਾਰਤ ਦੀ ਹਵਾ ਦਿਨੋਂ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਖ਼ਾਸ ਕਰਕੇ ਦਿੱਲੀ ‘ਚ ਇਸ ਦਾ ਸਭ ਤੋਂ ਜ਼ਿਆਦਾ ਅਸਾ ਦਿਖਾਈ ਦੇ ਰਿਹਾ ਹੈ।
ਦਿੱਲੀ ‘ਚ ਪ੍ਰਦੂਸ਼ਣ ਦੇ ਵਧਦੇ ਪੱਧਰ ਤੇ ਖ਼ਰਾਬ ਹਵਾ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸੀ, ਕਿ ਸਰਕਾਰ ਜਲਦ ਤੋਂ ਜਲਦ ਪ੍ਰਦੂਸ਼ਣ ਘਟਾਉਣ ਲਈ ਜ਼ਰੂਰੀ ਯਤਨ ਕਰੇ। ਅਤੇ ਇਸੇ ਪ੍ਰਦੂਸ਼ਣ ਕਾਰਨ ਹੀ ਦਿੱਲੀ ‘ਚ 29 ਨਵੰਬਰ ਤੱਕ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸੀ। ਹਾਲਾਂਕਿ ਪ੍ਰਦੂਸ਼ਣ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਪਹਿਲਾਂ ਵੀ ਕਈ ਯਤਨ ਕਰ ਚੁੱਕੀ ਹੈ, ਪਰ ਪਰਾਲੀ ਸਾੜਨ ਅਤੇ ਦੀਵਾਲੀ ਮੌਕੇ ਚੱਲੇ ਪਟਾਕਿਆਂ ਨੇ ਸ਼ਹਿਰ ਦੀ ਹਵਾ ਨੂੰ ਹੱਦ ਤੋਂ ਜ਼ਿਆਦਾ ਗੰਦਾ ਕਰ ਦਿੱਤਾ ਹੈ।
ਇਸ ਸਭ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਹੁਣ ਪ੍ਰਦੂਸ਼ਣ ‘ਤੇ ਠੱਲ ਪਾਉਣ ਲਈ ਹੋਰ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। 27 ਨਵੰਬਰ ਤੋਂ ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੀ ਐਂਟਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਜਾਵੇਗੀ। ਦਿੱਲੀ ‘ਚ ਹਵਾ ਦੀ ਗੁਣਵੱਤਾ ਇਸ ਸਮੇਂ 383 ਰਿਕਾਰਡ ਕੀਤੀ ਗਈ ਹੈ, ਜਿਸ ਦਾ ਮਤਲਬ ਹੈ ਕਿ ਦਿੱਲੀ ਦੀ ਹਵਾ ‘ਚ ਸਾਹ ਲੈਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਦੀਵਾਲੀ ਤੇ ਤਾਂ ਏਕਿਊਆਈ 400 ਤੋਂ ਵੀ ਪਾਰ ਕਰ ਗਿਆ ਸੀ। ਇਹੀ ਨਹੀਂ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਮੋਹਰੀ ਰਿਹਾ ਸੀ।