ਜਲੰਧਰ : ਪਿੰਡ ਡੱਲੀ ਦੇ ਇਕ ਨੌਜਵਾਨ ਨੇ ਜਲੰਧਰ ਕਮਿਸ਼ਨਰੇਟ ਪੁਲਿਸ ‘ਚ ਤਾਇਨਾਤ ਇਕ ਏਡੀਸੀਪੀ ਉੱਪਰ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਕਿਹਾ ਕਿ ਉਸ ਦੀ ਜ਼ਮੀਨ ਸਸਤੇ ਭਾਅ ਖਰੀਦਣ ਲਈ ਏਡੀਸੀਪੀ ਅਤੇ ਉਸ ਦਾ ਪੁੱਤਰ ਉਸ ਨੂੰ ਪਰੇਸ਼ਾਨ ਕਰ ਰਹੇ ਹਨ ਤੇ ਬਿਨਾਂ ਕਿਸੇ ਕਾਰਨ ਤੋਂ ਉਨ੍ਹਾਂ ਉੱਪਰ ਝੂਠੇ ਪਰਚੇ ਦਰਜ ਕਰਵਾ ਰਹੇ ਹਨ।
ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਰਿੰਦਰਪਾਲ ਸਿੰਘ ਵਾਸੀ ਪਿੰਡ ਡੱਲੀ ਭੋਗਪੁਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਪਿੰਡ ਡੱਲੀ ਵਿਚ ਉਸ ਦੇ ਨਾਂ ਤੇ ਸਾਢੇ ਤਿੰਨ ਕਨਾਲ ਜ਼ਮੀਨ ਆਈ ਸੀ। ਉਸ ਨੇ ਲੋਕਾਂ ਦਾ ਕੁਝ ਪੈਸਾ ਦੇਣਾ ਸੀ ਜਿਸ ਕਾਰਨ ਉਹ ਆਪਣੀ ਜ਼ਮੀਨ ਵੇਚਣਾ ਚਾਹੁੰਦਾ ਸੀ। ਜਦ ਇਸ ਬਾਰੇ ਜਲੰਧਰ ਕਮਿਸ਼ਨਰੇਟ ਪੁਲਸ ਵਿਚ ਤਾਇਨਾਤ ਏਡੀਸੀਪੀ ਹਰਵਿੰਦਰ ਸਿੰਘ ਡੱਲੀ ਜੋ ਕਿ ਸਾਡੇ ਹੀ ਪਿੰਡ ਦਾ ਰਹਿਣ ਵਾਲਾ ਹੈ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਪੁੱਤਰਾਂ ਨਾਲ ਉਸ ਕੋਲ ਆਇਆ ਅਤੇ ਜ਼ਮੀਨ ਦੀ ਖ਼ਰੀਦੋ-ਫ਼ਰੋਖ਼ਤ ਬਾਬਤ ਗੱਲਬਾਤ ਕੀਤੀ ਸੀ, ਪਰ ਉਹ ਉਸ ਨੂੰ ਮਾਰਕੀਟ ਤੋਂ ਘੱਟ ਪੈਸਾ ਦੇ ਰਹੇ ਸਨ ਜਿਸ ਕਾਰਨ ਉਸ ਨੇ ਜ਼ਮੀਨ ਵੇਚਣ ਤੋਂ ਇਨਕਾਰ ਕਰ ਦਿੱਤਾ। ਉਸ ਜ਼ਮੀਨ ਦਾ ਸੌਦਾ ਉਸ ਨੇ ਜਲੰਧਰ ਦੇ ਇਕ ਡੀਲਰ ਨਾਲ ਕਰ ਲਿਆ ਉਸ ਤੋਂ ਬਾਅਦ ਏਡੀਸੀਪੀ ਨੇ ਉਸ ਉਪਰ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਜ਼ਮੀਨ ਉਹ ਕਿਸੇ ਹੋਰ ਨੂੰ ਨਹੀਂ ਖਰੀਦਣ ਦੇਣਗੇ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਹੀ ਤਾਏ ਦੇ ਪੁੱਤਰ ਸਰਵਣ ਸਿੰਘ ਨੂੰ ਆਪਣੇ ਦਬਾਅ ਵਿੱਚ ਲੈ ਕੇ ਉਸ ਉਪਰ ਕੇਸ ਅਦਾਲਤ ਵਿੱਚ ਕੇਸ ਕਰਵਾ ਦਿੱਤਾ।
ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਹੁਣ ਉਸ ਦੀ ਸਾਂਝੇ ਖਾਤੇ ਵਿਚ ਛੇ ਮਰਲੇ ਜ਼ਮੀਨ ਬਚਦੀ ਹੈ ਜੋ ਕਿ ਏਡੀਸੀਪੀ ਅਤੇ ਉਸ ਦੇ ਪੁੱਤਰ ਉਸ ਕੋਲੋਂ ਸਸਤੇ ਭਾਅ ਤੇ ਖਰੀਦਣਾ ਚਾਹੁੰਦੇ ਹਨ। ਉਸ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ ਜੇਕਰ ਇਹ ਜ਼ਮੀਨ ਉਨ੍ਹਾਂ ਨੂੰ ਨਹੀਂ ਵੇਚੀ ਤਾਂ ਉਸ ਉੱਪਰ ਐੱਨਡੀਪੀਐੱਸ ਦਾ ਪਰਚਾ ਦਰਜ ਕਰਵਾ ਦਿੱਤਾ ਜਾਵੇਗਾ।
ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਦ ਹਰਵਿੰਦਰ ਸਿੰਘ ਡੱਲੀ ਨੇ ਪੰਜਾਬ ਪੁਲਿਸ ਜੁਆਇਨ ਕੀਤੀ ਸੀ ਤਾਂ ਉਸ ਕੋਲ ਸਿਰਫ ਤਿੰਨ ਕਨਾਲ ਜੱਦੀ ਜ਼ਮੀਨ ਸੀ ਪਰ ਹੁਣ ਉਸਨੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ 150 ਏਕੜ ਜ਼ਮੀਨ ਅਤੇ ਕਈ ਕਮਰਸ਼ੀਅਲ ਬਿਲਡਿੰਗਾਂ ਬਣਾ ਲਈਆਂ ਹਨ ਜਿਸ ਬਾਬਤ ਕਈ ਦਰਖਾਸਤਾਂ ਵਿਜੀਲੈਂਸ ਬਿਊਰੋ ਪੰਜਾਬ, ਮੁੱਖ ਮੰਤਰੀ ਪੰਜਾਬ, ਈਡੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ ਪਰ ਉਨ੍ਹਾਂ ਉਪਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।ਉਸ ਨੇ ਦੱਸਿਆ ਕਿ ਉਸ ਨੂੰ ਏਡੀਸੀਪੀ ਅਤੇ ਉਸਦੇ ਪੁੱਤਰਾਂ ਕੋਲੋਂ ਜਾਨ ਦਾ ਖਤਰਾ ਹੈ ਅਤੇ ਉਸ ਨੂੰ ਸ਼ੱਕ ਹੈ ਕਿ ਉਸ ਉਪਰ ਝੂਠੇ ਕੇਸ ਦਰਜ ਕਰਵਾ ਦਿੱਤੇ ਜਾਣਗੇ ਜਿਸ ਨਾਲ ਉਸ ਦਾ ਭਵਿੱਖ ਤਬਾਹ ਹੋ ਜਾਵੇਗਾ ਉਸ ਨੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ।
ਰਿਟਾਇਰ ਪੁਲਿਸ ਅਧਿਕਾਰੀ ਦੀ ਚੁੱਕਣਾ ਵਿਚ ਆ ਕੇ ਕਰ ਰਿਹੈ ਉਸ ਦੇ ਖ਼ਿਲਾਫ਼ ਪ੍ਰਚਾਰ : ਏਡੀਸੀਪੀ ਡੱਲੀ
ਏਡੀਸੀਪੀ ਹਰਵਿੰਦਰ ਸਿੰਘ ਡੱਲੀ ਨੇ ਦੱਸਿਆ ਕਿ ਉਹ ਨਾ ਤਾਂ ਕਦੇ ਨਰਿੰਦਰਪਾਲ ਸਿੰਘ ਨੂੰ ਮਿਲਿਆ ਹੈ ਅਤੇ ਨਾ ਹੀ ਉਸ ਨੇ ਕਦੀ ਉਸ ਦੀ ਜ਼ਮੀਨ ਖ਼ਰੀਦਣ ਦੀ ਗੱਲਬਾਤ ਕੀਤੀ ਹੈ। ਉਸ ਦਾ ਆਪਣੇ ਤਾਏ ਦੇ ਲੜਕੇ ਸਵਰਨ ਸਿੰਘ ਨਾਲ ਪਿਛਲੇ ਵੀਹ ਸਾਲ ਤੋਂ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਅਤੇ ਸਰਵਣ ਸਿੰਘ ਨੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਆਪਣੀ ਜ਼ਮੀਨ ਇਨ੍ਹਾਂ ਕੋਲੋਂ ਛੁਡਵਾਈ ਸੀ। ਉਨ੍ਹਾਂ ਦੱਸਿਆ ਕਿ ਇਕ ਰਿਟਾਇਰ ਪੁਲੀਸ ਅਧਿਕਾਰੀ ਦੀ ਚੁੱਕਣਾ ਵਿਚ ਆ ਕੇ ਉਹ ਪਿਛਲੇ ਕਈ ਸਾਲਾਂ ਤੋਂ ਉਸ ਦੇ ਖ਼ਿਲਾਫ਼ ਗਲਤ ਦਸਤਾਵੇਜ਼ ਇਕੱਠੇ ਕਰਕੇ ਅਲੱਗ-ਅਲੱਗ ਅਧਿਕਾਰੀਆਂ ਨੂੰ ਭੇਜ ਆ ਗਿਆ ਹੈ ਜਿਸ ਦਾ ਉਹ ਹਰੇਕ ਅਫਸਰ ਨੂੰ ਲਿਖਤ ਵਿੱਚ ਜਵਾਬ ਦੇ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਜਿਹੜੀ ਛੇ ਮਰਲੇ ਦੀ ਜ਼ਮੀਨ ਦੀ ਹੀ ਗੱਲ ਕਹਿ ਰਿਹਾ ਹੈ ਉਹ ਖੂਹ ਖਾਤੇ ਦੀ ਜ਼ਮੀਨ ਹੈ ਜਿਸ ਵਿੱਚ ਉਹ ਇਕੱਲਾ ਨਹੀਂ ਬਲਕਿ ਕਈ ਭਾਈਵਾਲ ਹੁੰਦੇ ਹਨ। ਉਹ ਉਨ੍ਹਾਂ ਉੱਪਰ ਬਿਨਾਂ ਕਿਸੇ ਕਾਰਨ ਤੋਂ ਗ਼ਲਤ ਆਰੋਪ ਲਗਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਪਰਚਾ ਐਸਐਚਓ ਮਨਜੀਤ ਸਿੰਘ ਨੇ ਇਨ੍ਹਾਂ ਤੇ ਕੀਤਾ ਸੀ ਉਹ ਵੀਡੀਓ ਦੇ ਆਧਾਰ ਤੇ ਕੀਤਾ ਗਿਆ ਸੀ ਜਿਸ ਦੀ ਸਾਰੀ ਰਿਕਾਰਡਿੰਗ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸੀ।ਉਕਤ ਰਿਕਾਰਡਿੰਗ ਦੀ ਜਾਂਚ ਕਰਨ ਤੋਂ ਬਾਅਦ ਹੀ ਉਨ੍ਹਾਂ ਉੱਪਰ ਪਰਚਾ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿਹਡ਼ੇ ਵੀ ਆਰੋਪ ਨਰਿੰਦਰਪਾਲ ਸਿੰਘ ਉਨ੍ਹਾਂ ਉੱਪਰ ਲਗਾ ਰਿਹਾ ਹੈ ਉਹ ਇੱਕ ਦਮ ਗ਼ਲਤ ਹਨ।