ਮੈਸੇਚੁਸੈਟਸ: ਅਮਰੀਕਾ ਦੇ ਰਾਜ ਮੈਸੇਚੁਸੈਟਸ ਦੇ ਸ਼ਹਿਰ ਕੈਂਬਰਿਜ ਦੇ ਹਾਰਵਰਡ ਸਕੂਏਅਰ (ਚੌਕ) ਜੋ ਕਿ ਸੰਸਾਰ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਦੇ ਸਾਹਮਣੇ ਹੈ, ਵਿਖੇ ਭਾਰਤ ਵਿਚ ਕਿਸਾਨਾਂ ਦੇ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ’ਤੇ ਰੈਲੀ ਕੀਤੀ ਗਈ। ਕੈਂਬਰਿਜ, ਬੋਸਟਨ ਤੇ ਨਾਲ ਦੇ ਸ਼ਹਿਰਾਂ ਵਿਚ ਕਿਸਾਨਾਂ ਦੇ ਇਸ ਵੱਡੇ ਅੰਦੋਲਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਹ ਰੈਲੀ ਕੋਲਿਸ਼ਨ ਫਾਰ ਡੈਮੋਕ੍ਰੇਟਿਕ ਇੰਡੀਆ, ਬੋਸਟਨ ਸਾਊਥ ਏਸ਼ੀਅਨ ਐਸੋਸੀਏਸ਼ਨ, ਨਿਸ਼ਕਾਮ ਟੀਵੀ ਤੇ ਹੋਰ ਲੋਕਲ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੀ ਗਈ। ਇਸ ਵਿਚ ਸਥਾਨਕ ਸੰਗਤ ਨੇ ਭਾਗ ਲਿਆ ਜੋ ਕਿ ਸ਼ਾਂਤਮਈ ਕਿਸਾਨੀ ਅੰਦੋਲਨ ਦਾ ਵਧ ਚੜ੍ਹ ਕੇ ਸਮਰਥਨ ਕਰਦੀ ਹੈ।
‘ਹਰ ਇਕ ਵਿਅਕਤੀ ਨੂੰ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ’ ਨਾਂ ਦਾ ਸੰਦੇਸ਼ ਹਰ ਬੁਲਾਰੇ ਨੇ ਦਿੱਤਾ। ਇਸ ਮੌਕੇ ’ਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਕਵੀ ਦਰਬਾਰ, ਸੰਗੀਤ, ਢੋਲ, ਭਾਸ਼ਣ ਤੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਕਿਸਾਨ ਅੰਦੋਲਨ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਜਦ ਤਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਪ੍ਰਬੰਧਕਾਂ ਨੇ ਹਰ ਮਹੀਨੇ ਕਿਸਾਨਾਂ ਦੇ ਹੱਕ ਵਿਚ ਰੈਲੀ ਕਰਨ ਦਾ ਪ੍ਰਣ ਕੀਤਾ।