ਨਵਜੋਤ ਸਿੰਘ ਸਿੱਧੂ ਨਾਲ ਕੋਈ ਮੀਟਿੰਗ ਤੈਅ ਨਹੀਂ ਹੋਈ: ਰਾਹੁਲ ਗਾਂਧੀ

ਚੰਡੀਗੜ੍ਹ: ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ ਤੋਂ ਪੱਲਾ ਝਾੜੇ ਜਾਣ ਨਾਲ ਪੰਜਾਬ ਕਾਂਗਰਸ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਜਿਥੇ ਕਿਆਸ ਲਾਏ ਜਾ ਰਹੇ ਸਨ ਕਿ ਅੱਜ ਰਾਹੁਲ ਗਾਂਧੀ ਅਤੇ ਨਵਜੋਤ ਸਿੱਧੂ ਦੀ ਮਿਲਣੀ ਨਾਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਹੋਣ ਵੱਲ ਵਧੇਗਾ। ਹੁਣ ਇਸ ਨੇ ਨਵਾਂ ਮੋੜ ਲੈ ਲਿਆ ਹੈ।

ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਦਫ਼ਤਰ ਨੇ ਲੰਘੇ ਕੱਲ੍ਹ ਖੁਦ ਇਹ ਸੂਚਨਾ ਦਿੱਤੀ ਸੀ ਕਿ ਸ੍ਰੀ ਸਿੱਧੂ ਮੰਗਲਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ     ਕਰਨਗੇ। ਉਹ ਆਪਣੇ ਪਟਿਆਲਾ ਵਿਚਲੀ ਰਿਹਾਇਸ਼ ਤੋਂ ਦਿੱਲੀ ਲਈ ਰਵਾਨਾ ਵੀ ਹੋਏ ਸਨ ਅਤੇ ਉੱਥੇ ਸਮੇਂ ਸਿਰ ਪੁੱਜ ਗਏ ਸਨ। ਸਭਨਾਂ ਦੀ ਨਜ਼ਰ ਇਨ੍ਹਾਂ ਦੋਵਾਂ ਆਗੂਆਂ ਦੀ ਮੀਟਿੰਗ ’ਤੇ ਲੱਗੀ ਹੋਈ ਸੀ।

ਸਿਆਸੀ ਖੇਮਿਆਂ ’ਚ ਅੱਜ ਉਦੋਂ ਖਲਬਲੀ ਮੱਚ ਗਈ, ਜਦੋਂ ਸ਼ਾਮ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਖ ਦਿੱਤਾ ਕਿ ਉਨ੍ਹਾਂ ਦਾ ਅੱਜ ਨਵਜੋਤ ਸਿੱਧੂ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਅਤੇ ਨਾ ਹੀ ਅੱਜ ਲਈ ਕੋਈ ਮੀਟਿੰਗ ਤੈਅ ਹੋਈ ਸੀ। ਰਾਹੁਲ ਦੇ ਇਸ ਖ਼ੁਲਾਸੇ ਮਗਰੋਂ ਕੈਪਟਨ ਖੇਮਾ ਚਟਕਾਰੇ ਲੈਣ ਲੱਗਾ ਹੈ, ਜਦੋਂਕਿ ਨਵਜੋਤ ਸਿੱਧੂ ਲਈ ਇਹ ਨਮੋਸ਼ੀ ਵਾਲੇ ਹਾਲਾਤ ਬਣ ਗਏ ਹਨ। ਰਾਹੁਲ ਗਾਂਧੀ ਤੇ ਸਿੱਧੂ ਦਰਮਿਆਨ ਮੁਲਾਕਾਤ ਦੀ ਸੰਭਾਵਨਾ ਵਿਚਾਲੇ ਕਾਂਗਰਸ ਆਗੂ ਸ਼ਾਮ ਨੂੰ ਆਪਣੀ ਮਾਂ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੀ ਰਿਹਾਇਸ਼ 10 ਜਨਪਥ ਚਲੇ ਗਏ ਸਨ, ਉਦੋਂ ਤੋਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਅੱਜ ਮੁਲਾਕਾਤ ਦੀ ਸੰਭਾਵਨਾ ਨਹੀਂ ਹੈ।

ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਦੀ ਜ਼ਿਆਦਾ ਨੇੜਤਾ ਪ੍ਰਿਯੰਕਾ ਗਾਂਧੀ ਨਾਲ ਹੈ ਅਤੇ ਨਵਜੋਤ ਸਿੱਧੂ ਆਮ ਤੌਰ ’ਤੇ ਪ੍ਰਿਯੰਕਾ ਰਾਹੀਂ ਹੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਦੇ ਹਨ। ਹੋ ਸਕਦਾ ਹੈ ਕਿ ਨਵਜੋਤ ਸਿੱਧੂ ਨੇ ਇਸ ਮੀਟਿੰਗ ਸਬੰਧੀ ਪ੍ਰਿਯੰਕਾ ਨਾਲ ਗੱਲ ਕੀਤੀ ਹੋਵੇ ਅਤੇ ਕਿਤੇ ਫ਼ਰਕ ਰਹਿਣ ਕਾਰਨ ਅਜਿਹਾ ਹੋਇਆ ਹੋਵੇ। ਇਹ ਚਰਚੇ ਵੀ ਜ਼ੋਰਾਂ ’ਤੇ ਹਨ ਕਿ ਨਵਜੋਤ ਸਿੱਧੂ ਨੇ ਹੀ ਅਜਿਹੀ ਕੋਈ ਸਿਆਸੀ ਚਾਲ ਖੇਡੀ ਹੋਵੇ ਤਾਂ ਜੋ ਕਾਂਗਰਸ ’ਚ ਦਮ ਘੁੱਟਣ ਦਾ ਮਾਹੌਲ ਆਖ ਕੇ ਨਵੀਂ ਜ਼ਮੀਨ ਤਲਾਸ਼ੀ ਜਾ ਸਕੇ। ਚਰਚੇ ਹਨ ਕਿ ਨਵਜੋਤ ਸਿੱਧੂ ਅੱਜ ਪ੍ਰਿਯੰਕਾ ਗਾਂਧੀ ਨੂੰ ਮਿਲੇ ਹਨ, ਪਰ ਇਸ ਦੀ ਪੁਸ਼ਟੀ ਨਹੀਂ ਹੋਈ। ਹਾਲਾਂਕਿ ਨਵਜੋਤ ਸਿੱਧੂ ਪੂਰਾ ਦਿਨ ਰਾਹੁਲ ਗਾਂਧੀ ਨਾਲ ਮੀਟਿੰਗ ਦਾ ਇੰਤਜ਼ਾਰ ਕਰਦੇ ਰਹੇ।ਕੁਝ ਵੀ ਹੋਵੇ, ਰਾਹੁਲ ਗਾਂਧੀ ਦੇ ਖੁਲਾਸੇ ਨਾਲ ਨਵਜੋਤ ਸਿੱਧੂ ਦੇ ਸਿਆਸੀ ਅਕਸ ਨੂੰ ਸੱਟ ਵੱਜੀ ਹੈ। ਇਵੇਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਹੋਈ ਸੀ, ਜਦੋਂ ਉਹ ਰਾਹੁਲ ਗਾਂਧੀ ਦਾ ਮੀਟਿੰਗ ਲਈ ਸੁਨੇਹਾ ਉਡੀਕਦੇ ਰਹੇ ਸਨ।

ਇੰਡੀਅਨ ਯੂਥ ਕਾਂਗਰਸ ਨੇ ਪੰਜਾਬ ਯੂਥ ਕਾਂਗਰਸ ਦੇ ਕਰੀਬ 33 ਬੁਲਾਰਿਆਂ (ਸਪੋਕਸਮੈਨ) ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਇੰਡੀਅਨ ਯੂਥ ਕਾਂਗਰਸ ਦੇ ਕੌਮੀ ਸਕੱਤਰ ਮੁਕੇਸ਼ ਕੁਮਾਰ ਨੇ ਅੱਜ ਪੱਤਰ ਜਾਰੀ ਕਰਕੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਦੀ ਚੁਣੀ ਹੋਈ ਬਾਡੀ ਤੋਂ ਬਿਨਾਂ ਬੁਲਾਰਿਆਂ ਸਮੇਤ ਸਭ ਨਿਯੁਕਤੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਇਸ ਪਿੱਛੇ ਕੋਈ ਕਾਰਨ ਨਹੀਂ ਲਿਖਿਆ ਗਿਆ , ਪਰ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦਾ ਕਹਿਣਾ ਸੀ ਕਿ ਅਗਲੀਆਂ ਚੋਣਾਂ ਦੀ ਤਿਆਰੀ ਵਜੋਂ ਇਹ ਕਦਮ ਚੁੱਕਿਆ ਗਿਆ ਹੈ।

Share: