ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਡਿਪਟੀ (44) ਨੂੰ ਅੱਜ ਦਿਨ ਦਿਹਾੜੇ ਕੁਝ ਕਾਰ ਸਵਾਰਾਂ ਨੇ ਉਸ ਵੇਲੇ ਗੋਲੀਆਂ ਮਾਰੀਆਂ ਜਦੋਂ ਉਹ ਆਪਣੇ ਬੁਲੇਟ ਮੋਟਰ ਸਾਈਕਲ ’ਤੇ ਜਾ ਰਿਹਾ ਸੀ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਖਮੀਤ ਸਿੰਘ ਦੇ 8 ਗੋਲੀਆਂ ਲੱਗੀਆਂ ਸਨ ਜਦਕਿ ਘਟਨਾ ਵਾਲੀ ਥਾਂ ’ਤੇ 12 ਦੇ ਕਰੀਬ ਗੋਲੀਆਂ ਚੱਲੀਆਂ ਸਨ। ਸੁਖਮੀਤ ਡਿਪਟੀ ਬਲਾਕ ਯੂਥ ਕਾਂਗਰਸ ਦਾ ਪ੍ਰਧਾਨ ਵੀ ਰਿਹਾ ਸੀ ਤੇ ਉਸ ਨੇ ਕਾਂਗਰਸ ਦੀ ਟਿਕਟ ’ਤੇ ਕੌਂਸਲਰ ਦੀ ਚੋਣ ਵੀ ਜਿੱਤੀ ਸੀ। ਇਹ ਘਟਨਾ ਗਾਜ਼ੀ ਗੁੱਲਾ ਮਹੁੱਲੇ ਦੇ ਗੋਪਾਲ ਨਗਰ ਸ੍ਰੀ ਕ੍ਰਿਸ਼ਨ ਮੁਰਾਰੀ ਮੰਦਰ ਨੇੜੇ ਵਾਪਰੀ। ਸੁਖਮੀਤ ਸਿੰਘ ਮੋਟਰ ਸਾਈਕਲ ’ਤੇ ਜਾ ਰਿਹਾ ਸੀ ਤਾਂ ਇੱਕ ਕਾਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਉਹ ਡਿੱਗ ਪਿਆ ਤਾਂ ਕਾਰ ਵਿੱਚੋਂ ਤਿੰਨ-ਚਾਰ ਜਣੇ ਉਤਰੇ ’ਤੇ ਉਨ੍ਹਾਂ ਡਿਪਟੀ ਸੁਖਮੀਤ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਸੁਖਮੀਤ ਨੂੰ ਜ਼ਖਮੀ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਲ 2008 ਵਿੱਚ ਪਹਿਲਾਂ ਸੁਖਮੀਤ ਨੇ ਇੱਕ ਕਲੋਨਾਈਜ਼ਰ ਦੇ ਲੜਕੇ ਨੂੰ ਅਗਵਾ ਕਰਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਲਈ ਸੀ। ਇਸ ਕੇਸ ਵਿੱਚ ਉਸ ਨੂੰ ਸਜ਼ਾ ਵੀ ਹੋਈ ਸੀ। ਉਹ ਸਜ਼ਾ ਭੁਗਤ ਕੇ ਜੇਲ੍ਹ ਵਿੱਚੋਂ ਬਾਹਰ ਆ ਗਿਆ ਸੀ। ਸੁਖਮੀਤ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਸਨ। ਕਮਿਸ਼ਨਰੇਟ ਪੁਲੀਸ ਇਹ ਪਤਾ ਲਗਾਉਣ ਵਿੱਚ ਲੱਗ ਗਈ ਹੈ ਕਿ ਸੁਖਮੀਤ ’ਤੇ ਗੋਲੀਆਂ ਕਿਸ ਧਿਰ ਨੇ ਚਲਾਈਆਂ ਹਨ।