ਫ਼ਿਰੋਜ਼ਪੁਰ: ਇਥੋਂ ਦੇ ਨਿਊ ਕਾਂਸ਼ੀ ਨਗਰੀ ਇਲਾਕੇ ਵਿਚ ਨਾਇਬ ਤਹਿਸੀਲਦਾਰ ਵਿਜੇ ਬਹਿਲ ਦੇ ਘਰ ਪੁੱਜੇ ਆਰਐੱਸਐੱਸ ਆਗੂ ਰਾਮ ਗੋਪਾਲ ਨੂੰ ਅੱਜ ਕਿਸਾਨਾਂ ਨੇ ਘੇਰ ਲਿਆ। ਕਿਸਾਨਾਂ ਨੇ ਵਿਜੇ ਬਹਿਲ ਦੇ ਘਰ ਬਾਹਰ ਨਾਅਰੇਬਾਜ਼ੀ ਕੀਤੀ। ਸੂਚਨਾ ਮਿਲਦਿਆਂ ਹੀ ਪੁਲੀਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਤੇ ਉਨ੍ਹਾਂ ਰਾਮ ਗੋਪਾਲ ਨੂੰ ਆਪਣੇ ਘੇਰੇ ਵਿਚ ਲੈ ਕੇ ਸੁਰੱਖਿਅਤ ਬਾਹਰ ਕੱਢਿਆ। ਕਿਸਾਨਾਂ ਨੇ ਰਾਮ ਗੋਪਾਲ ਦੀ ਗੱਡੀ ਨੂੰ ਦੁਬਾਰਾ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐਸ.ਪੀ ਨਾਲ ਕਿਸਾਨ ਆਗੂਆਂ ਦੀ ਬਹਿਸ ਵੀ ਹੋਈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ ਅਤੇ ਵਿੱਤ ਸਕੱਤਰ ਜਤਿੰਦਰ ਰੌਫ਼ੀ ਨੇ ਦੱਸਿਆ ਕਿ ਰਾਮ ਗੋਪਾਲ ਅੱਜ ਨਾਇਬ ਤਹਿਸੀਲਦਾਰ ਵਿਜੇ ਬਹਿਲ ਦੇ ਘਰ ਮੀਟਿੰਗ ਕਰਨ ਪੁੱਜੇ ਸਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਕਿਸਾਨ ਇਕੱਠੇ ਹੋ ਕੇ ਵਿਜੇ ਬਹਿਲ ਦੇ ਘਰ ਜਾ ਪੁੱਜੇ ਤੇ ਉਨ੍ਹਾਂ ਸੰਘ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਾਹੌਲ ਵਿਗੜਦਿਆਂ ਵੇਖ ਪੁਲੀਸ ਅਧਿਕਾਰੀ ਭਾਰੀ ਫ਼ੋਰਸ ਨਾਲ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਐਸਪੀ ਜੀ ਐਸ ਚੀਮਾ ਦੀ ਕਿਸਾਨ ਆਗੂਆਂ ਨਾਲ ਬਹਿਸ ਵੀ ਹੋਈ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਦਾ ਸੱਦਾ ਹੈ ਕਿ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਭਾਜਪਾ ਤੇ ਸੰਘ ਦੇ ਆਗੂਆਂ ਨੂੰ ਮੀਟਿੰਗ ਨਹੀਂ ਕਰਨ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲੋਕਾਂ ਦੇ ਬਜਟ ਤੋਂ ਬਾਹਰ ਹੋ ਰਹੀਆਂ ਹਨ। ਅਜਿਹੇ ਵਿਚ ਸੰਘ ਦੇ ਆਗੂ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਆਪਣੇ ਏਜੰਡੇ ਲਾਗੂ ਕਰ ਰਹੇ ਹਨ ਅਤੇ ਲੋਕਾਂ ਨੂੰ ਉਕਸਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਭਾਜਪਾ ਤੇ ਆਰਐੱਸਐੱਸ ਆਗੂਆਂ ਨੂੰ ਕੋਈ ਮੀਟਿੰਗ ਨਹੀਂ ਕਰਨ ਦਿੱਤੀ ਜਾਵੇਗੀ।